ਮਾਨਸਾ: ਨਸ਼ਿਆਂ ਵਿਰੁੱਧ ਜੰਗ ਲੜਨ ਵਾਲੇ ਪਰਵਿੰਦਰ ਸਿੰਘ ਝੋਟੇ ਦੇ ਕਥਿਤ ਕਾਤਲ ਅਸ਼ਵਨੀ ਕੁਮਾਰ ਦੇ ਘਰ ’ਤੇ ਅੱਜ ਪ੍ਰਸ਼ਾਸਨ ਵੱਲੋਂ ਜੇਸੀਬੀ ਮਸ਼ੀਨ ਚਲਾਈ ਗਈ। ਬੀਤੇ ਦਿਨ ਤੋਂ ਧਰਨੇ ’ਤੇ ਬੈਠੇ ਲੋਕਾਂ ਵੱਲੋਂ ਨਸ਼ਿਆਂ ਦੀ ਵਿਕਰੀ ਰਾਹੀਂ ਕਥਿਤ ਤੌਰ ’ਤੇ ਬਣਾਈ ਗਈ ਜਾਇਦਾਦ ਨੂੰ ਢਾਹੁਣ ਦੀ ਮੰਗ ਕੀਤੀ ਜਾ ਰਹੀ ਸੀ। ਮਾਹੌਲ ਜਨਾਬ ਪੂਰਨ ਬਣਿਆ ਹੋਇਆ ਹੈ। ਨਿਹੰਗਾ ਵੱਲੋਂ ਨੰਗੀਆਂ ਕਿਰਪਾਨਾਂ ਲਹਿਰਾਈਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਅੱਜ ਸਵੇਰ ਤੋਂ ਹੀ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ਅਤੇ ਘਰ ਦੇ ਨੇੜੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਸਥਿਤੀ ਨੂੰ ਦੇਖਦਿਆਂ ਪੁਲਿਸ ਦੀ ਵੱਡੀ ਗਿਣਤੀ ਵਿੱਚ ਤਾਇਨਾਤੀ ਵੀ ਕੀਤੀ ਗਈ। ਇਸ ਦੌਰਾਨ ਅਸ਼ਵਨੀ ਕੁਮਾਰ ਦੇ ਘਰ ਪਹੁੰਚੀ ਜੇਸੀਬੀ ਮਸ਼ੀਨ ਨੇ ਢਾਹੁਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ।
ਪੁਲਿਸ ਵੱਲੋਂ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਰਾਜਸਥਾਨ ਦੇ ਸਾਲਾਸਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉੱਧਰ ਮ੍ਰਿਤਕ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰਕ ਮੈਂਬਰਾਂ ਨੇ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਸਸਕਾਰ ਕਰਨ ਤੋਂ ਇਨਕਾਰ ਕੀਤਾ ਹੋਇਆ ਹੈ। ਮਾਨਸਾ ਵਿੱਚ ਬਣੀ ਇਸ ਤਣਾਅਪੂਰਨ ਸਥਿਤੀ ਨਾਲ ਨਜਿੱਠਣਾ ਪੁਲਿਸ ਅਤੇ ਪ੍ਰਸ਼ਾਸਨ ਲਈ ਚੁਣੌਤੀ ਬਣਿਆ ਹੋਇਆ ਹੈ।ਅਸ਼ਵਨੀ ਕੁਮਾਰ ਦੇ ਘਰ ’ਤੇ ਜੇਸੀਬੀ ਚਲਾਉਣ ਦੇ ਨਾਲ-ਨਾਲ ਉਸ ਦੀ ਦੁਕਾਨ ਨੂੰ ਢਾਹੁਣ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ। ਦੁਕਾਨ ’ਤੇ ਕਾਰਵਾਈ ਦੌਰਾਨ ਬਠਿੰਡਾ ਰੇਂਜ ਦੇ ਡੀਆਈਜੀ ਹਰਜੀਤ ਸਿੰਘ, ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਅਤੇ ਪੁਲਿਸ ਮੁਲਾਜ਼ਮ ਮੌਕੇ ’ਤੇ ਮੌਜੂਦ ਰਹੇ।
ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਵੀ ਮੌਕੇ ’ਤੇ ਇਕੱਠੇ ਹੋਏ ਹੋਏ ਸਨ ਅਤੇ ਉਨ੍ਹਾਂ ਵਿੱਚ ਰੋਸ ਦੇਖਣ ਨੂੰ ਮਿਲਿਆ। ਮਾਨਸਾ ਵਿੱਚ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਕਥਿਤ ਕਾਤਲ ਦੇ ਘਰ ਤੋਂ ਬਾਅਦ ਜੇਸੀਬੀ ਮਸ਼ੀਨ ਦੀ ਮਦਦ ਨਾਲ ਉਸ ਦੀ ਦੁਕਾਨ ਨੂੰ ਵੀ ਪੂਰੀ ਤਰ੍ਹਾਂ ਢਾਹ ਦਿੱਤਾ ਗਿਆ। ਦੁਕਾਨ ਅੰਦਰ ਪਏ ਸਾਮਾਨ ਨੂੰ ਗੁੱਸੇ ਵਿੱਚ ਆਈ ਭੀੜ ਨੇ ਅੱਗ ਲਗਾ ਦਿੱਤੀ ਇਸ ਦੌਰਾਨ ਦੁਕਾਨ ਵਿੱਚੋਂ ਕੁਝ ਨਸ਼ੀਲੀਆਂ ਗੋਲੀਆਂ ਵੀ ਮਿਲਣ ਦਾ ਦਾਅਵਾ ਕੀਤਾ ਗਿਆ। ਇੱਕ ਨੌਜਵਾਨ ਨੇ ਇਹ ਗੋਲੀਆਂ ਆਪਣੇ ਦੋਵੇਂ ਹੱਥਾਂ ਵਿੱਚ ਚੁੱਕ ਕੇ ਮੀਡੀਆ ਦੇ ਸਾਹਮਣੇ ਦਿਖਾਈਆਂ।










