ਰਾਜੌਰੀ: ਜੰਮੂ-ਕਸ਼ਮੀਰ ਵਿੱਚ ਮੌਸਮ ਦਾ ਕਹਿਰ ਦੂਜੇ ਦਿਨ ਵੀ ਜਾਰੀ ਰਿਹਾ। ਪੁੰਛ ਜ਼ਿਲ੍ਹਾ ਸਭ ਤੋਂ ਸੰਵੇਦਨਸ਼ੀਲ ਬਣਿਆ ਹੋਇਆ ਹੈ। ਸੋਮਵਾਰ ਨੂੰ ਪੁੰਛ ਵਿੱਚ ਇੱਕ ਘਰ ‘ਤੇ ਮਲਬਾ ਡਿੱਗਣ ਕਾਰਨ ਪਰਿਵਾਰ ਦੇ ਸੱਤ ਜੀਆਂ ਦੀ ਮੌਤ ਹੋ ਗਈ। ਡੋਡਾ ਵਿੱਚ ਬੱਸ ‘ਤੇ ਚੱਟਾਨ ਡਿੱਗਣ ਨਾਲ ਦੋ ਲੋਕਾਂ ਨੂੰ ਜਾਨ ਗਵਾਉਣੀ ਪਈ। ਸੋਮਵਾਰ ਨੂੰ ਪੰਜ ਔਰਤਾਂ ਸਮੇਤ 12 ਲੋਕ ਮੌਸਮ ਕਾਰਨ ਆਫ਼ਤ ਦਾ ਸ਼ਿਕਾਰ ਬਣੇ। ਜੰਮੂ-ਕਸ਼ਮੀਰ ਵਿੱਚ ਮੌਸਮ ਦੋ ਦਿਨਾਂ ਵਿੱਚ 24 ਜ਼ਿੰਦਗੀਆਂ ਲੀਲ੍ਹ ਚੁੱਕਾ ਹੈ। ਅਜੇ ਵੀ ਹੜ੍ਹ ਅਤੇ ਮਲਬੇ ਵਿੱਚ ਦੱਬਣ ਕਾਰਨ ਛੇ ਲੋਕ ਲਾਪਤਾ ਹਨ। ਇਸ ਦੇ ਨਾਲ ਹੀ ਅਜੇ ਖ਼ਤਰਾ ਟਲਿਆ ਨਹੀਂ ਹੈ ਅਤੇ ਅਗਲੇ 48 ਘੰਟਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਦੇ ਚੱਲਦਿਆਂ ਖ਼ਤਰਾ ਬਣਿਆ ਹੋਇਆ ਹੈ।
ਅਮਰਨਾਥ ਤੇ ਵੈਸ਼ਨੋ ਦੇਵੀ ਯਾਤਰਾਵਾਂ ਮੁਲਤਵੀ
ਇਸ ਦੌਰਾਨ ਦੂਜੇ ਦਿਨ ਵੀ ਸ਼੍ਰੀ ਅਮਰਨਾਥ, ਮਾਤਾ ਵੈਸ਼ਨੋ ਦੇਵੀ, ਰਿਆਸੀ ਵਿੱਚ ਸ਼ਿਵਖੋੜੀ ਅਤੇ ਕਿਸ਼ਤਵਾੜ ਵਿੱਚ ਸਰਥਲ ਯਾਤਰਾਵਾਂ ਦੂਜੇ ਦਿਨ ਵੀ ਮੁਲਤਵੀ ਰਹੀਆਂ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਅਮਰਨਾਥ ਧਾਮ ਲਈ ਬਾਲਟਾਲ ਦੇ ਰਸਤਿਓਂ ਕੁਝ ਸ਼ਰਧਾਲੂਆਂ ਨੂੰ ਰਵਾਨਾ ਕੀਤਾ ਗਿਆ। ਉੱਥੇ ਹੀ ਜੰਮੂ ਸਥਿਤ ਆਧਾਰ ਕੈਂਪ, ਲਖਨਪੁਰ ਤੋਂ ਇਲਾਵਾ ਕਸ਼ਮੀਰ ਵਿੱਚ ਹਜ਼ਾਰਾਂ ਸ਼ਿਵ ਭਗਤ ਯਾਤਰਾ ਸੁਚਾਰੂ ਹੋਣ ਦੇ ਇੰਤਜ਼ਾਰ ਵਿੱਚ ਹਨ।
ਕਟੜਾ ਵਿੱਚ ਲਗਪਗ 15 ਹਜ਼ਾਰ ਤੋਂ ਵੱਧ ਸ਼ਰਧਾਲੂ ਰੁਕੇ ਹੋਏ ਹਨ। ਸੋਮਵਾਰ ਤੜਕੇ ਜੰਮੂ, ਰਾਜੌਰੀ, ਪੁੰਛ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ। ਇਸ ਨਾਲ ਤਵੀ ਅਤੇ ਚਨਾਬ ਨਦੀ ਸਮੇਤ ਕਈ ਨਾਲੇ ਉਫ਼ਾਨ ‘ਤੇ ਰਹੇ। ਮੌਸਮ ਵਿਭਾਗ ਨੇ 23 ਜੁਲਾਈ ਤੱਕ ਭਾਰੀ ਮੀਂਹ ਅਤੇ ਪਹਾੜ ਖਿਸਕਣ ਦੀ ਚਿਤਾਵਨੀ ਦਿੰਦਿਆਂ ਲੋਕਾਂ ਨੂੰ ਪਹਾੜੀ ਰਸਤਿਆਂ ‘ਤੇ ਗ਼ੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਹੜ੍ਹ ਤੇ ਮਕਾਨ ਢਹਿਣ ਨਾਲ 11 ਦੀ ਮੌਤ










