ਸੁਨਾਮ : ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ (ਮੈਲਬੌਰਨ) ਵੱਲੋਂ ਬੀਤੀ ਸ਼ਾਮ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ, ਵਿਕਟੋਰੀਆ ਦੇ ਪ੍ਰੀਮੀਅਰ ਬੈੱਨ ਕੈਰੋਲ, ਐਮ ਪੀ ਮਾਰਥਾ ਹੈਲੈੱਟ, ਸੰਸਦ ਮੈਂਬਰ ਐਲਾ ਜੌਰਜ, ਮੈੱਕਈਵਨ ਤੋਂ ਕੇਂਦਰੀ ਮੈਂਬਰ ਪਾਰਲੀਮੈਂਟ ਰੌਬ ਮਿਚਲ ਅਤੇ ਗੌਰਟਨ ਤੋਂ ਫੈਡਰਲ ਸੰਸਦ ਮੈਂਬਰ ਐਲਿਸ ਜੌਰਡਨ-ਬੇਅਰਡ ਨਾਲ ਇੱਕ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਮੌਕੇ ਪ੍ਰੀਮੀਅਰ ਬੈੱਨ ਕੈਰੋਲ ਦੀ ਪਤਨੀ ਫਿਓਨਾ ਕੈਰੋਲ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।
ਇਸ ਮੌਕੇ ਵੱਖ ਵੱਖ ਸਿੱਖ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ ਤੇ ਮਿਲਣੀ ਦੌਰਾਨ ਸਿੱਖ ਅਤੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਅਹਿਮ ਮੁੱਦਿਆਂ, ਮੌਜੂਦਾ ਚਿੰਤਾਵਾਂ ਅਤੇ ਭਵਿੱਖੀ ਲੋੜਾਂ ਬਾਰੇ ਸਰਕਾਰੀ ਨੁਮਾਇੰਦਿਆਂ ਨਾਲ ਵਿਸਥਾਰਪੂਰਵਕ ਤੇ ਸਾਰਥਕ ਗੱਲਬਾਤ ਕੀਤੀ ਗਈ।
ਗੱਲਬਾਤ ਦੌਰਾਨ ਵਧ ਰਹੀਆਂ ਲਾਗਤਾਂ ਕਾਰਨ ਦਬਾਅ ਦਾ ਸਾਹਮਣਾ ਕਰ ਰਹੇ ਛੋਟੇ ਕਾਰੋਬਾਰੀਆਂ ਦੀ ਸਥਿਤੀ ਵਿਸ਼ੇਸ਼ ਤੌਰ ’ਤੇ ਸਰਕਾਰ ਦੇ ਧਿਆਨ ਵਿੱਚ ਲਿਆਂਦੀ ਗਈ। ਇਸ ਸਬੰਧੀ ਗ੍ਰਾਂਟਾਂ, ਘੱਟ ਵਿਆਜ ਵਾਲੇ ਕਰਜ਼ਿਆਂ, ਟੈਕਸ ਅਤੇ ਜੀਐੱਸਟੀ ਵਿੱਚ ਰਾਹਤ, ਬਕਾਇਆ ਟੈਕਸ ਤੇ ਜੀਐੱਸਟੀ ਕਿਸ਼ਤਾਂ ਵਿੱਚ ਭਰਨ ਦੀ ਸਹੂਲਤ, ਕਾਮਿਆਂ ਲਈ ਵਿਸ਼ੇਸ਼ ਸਹਾਇਤਾ ਅਤੇ ਜ਼ਰੂਰੀ ਕਾਰੋਬਾਰੀ ਖਰਚਿਆਂ ਵਾਸਤੇ ਮਦਦ ਵਰਗੇ ਸੁਝਾਅ ਸਰਕਾਰ ਅੱਗੇ ਰੱਖੇ ਗਏ।
ਪਰਿਵਾਰਕ ਅਤੇ ਮਾਪਿਆਂ ਦੀ ਮਾਈਗ੍ਰੇਸ਼ਨ ਨਾਲ ਜੁੜੇ ਮੁੱਦੇ ਵੀ ਚਰਚਾ ਦਾ ਅਹਿਮ ਹਿੱਸਾ ਰਹੇ। ਜੀਵਨ-ਸਾਥੀ ਅਤੇ ਮਾਪਿਆਂ ਦੇ ਵੀਜ਼ਿਆਂ ਦੀ ਲੰਮੀ ਪ੍ਰਕਿਰਿਆ ਕਾਰਨ ਪਰਿਵਾਰਾਂ ਨੂੰ ਦਰਪੇਸ਼ ਪਰੇਸ਼ਾਨੀਆਂ ਦੇ ਮੱਦੇਨਜ਼ਰ ਵੀਜ਼ਾ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਮਾਪਿਆਂ ਲਈ ਵਧੇਰੇ ਸੁਖਾਲੇ ਤੇ ਢੁਕਵੇਂ ਵੀਜ਼ਾ ਮਾਰਗ ਉਪਲਬਧ ਕਰਵਾਉਣ ਦੀ ਲੋੜ ਉਭਾਰੀ ਗਈ।
ਇਸ ਤੋਂ ਇਲਾਵਾ ਆਸਟ੍ਰੇਲੀਆ ਆਉਣ ਵਾਲੇ ਯਾਤਰੂ, ਖ਼ਾਸ ਕਰਕੇ ਬਜ਼ੁਰਗ ਮਾਪਿਆਂ ਲਈ ਸਿਹਤ ਬੀਮਾ ਪ੍ਰਾਪਤ ਕਰਨ ਵਿੱਚ ਆਉਂਦੀਆਂ ਮੁਸ਼ਕਲਾਂ ਵੀ ਸਰਕਾਰ ਦੇ ਸਾਹਮਣੇ ਰੱਖੀਆਂ ਗਈਆਂ। ਉਮਰ ਸਬੰਧੀ ਪਾਬੰਦੀਆਂ ਅਤੇ ਬੀਮਾ ਕਵਰੇਜ ਵਿੱਚ ਛੋਟਾਂ ਕਾਰਨ ਪੈਦਾ ਹੁੰਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਹਰ ਉਮਰ ਦੇ ਵਿਜ਼ਟਰਾਂ ਲਈ ਢੁਕਵੇਂ ਅਤੇ ਵਾਜਬ ਸਿਹਤ ਬੀਮਾ ਵਿਕਲਪ ਉਪਲਬਧ ਕਰਵਾਉਣ ਦੀ ਲੋੜ ’ਤੇ ਵਿਚਾਰ ਕੀਤਾ ਗਿਆ।
ਉਪ ਪ੍ਰਧਾਨ ਮੰਤਰੀ, ਪ੍ਰੀਮੀਅਰ ਅਤੇ ਹੋਰ ਆਗੂਆਂ ਨੇ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਵੱਖ-ਵੱਖ ਵਿਸ਼ਿਆਂ ’ਤੇ ਸਕਾਰਾਤਮਕ ਵਿਚਾਰ-ਵਟਾਂਦਰਾ ਕੀਤਾ। ਇਨ੍ਹਾਂ ਮਸਲਿਆਂ ਨੂੰ ਸਬੰਧਤ ਸਰਕਾਰੀ ਵਿਭਾਗਾਂ ਅਤੇ ਨੁਮਾਇੰਦਿਆਂ ਕੋਲ ਅੱਗੇ ਵਧਾਉਣ ਤੇ ਲੋੜੀਂਦੀ ਕਾਰਵਾਈ ਕਰਨ ਬਾਰੇ ਸਹਿਮਤੀ ਪ੍ਰਗਟ ਕਰਦਿਆਂ ਇਨ੍ਹਾਂ ਦੇ ਹੱਲ ਲਈ ਯਤਨ ਕਰਨ ਦਾ ਭਰੋਸਾ ਵੀ ਦਿਵਾਇਆ ਗਿਆ।
ਇਸ ਮਿਲਣੀ ਨੂੰ ਸਿੱਖ ਭਾਈਚਾਰੇ ਦੀਆਂ ਲੋੜਾਂ ਅਤੇ ਚਿੰਤਾਵਾਂ ਸਰਕਾਰ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।










