ਮਨੀਲਾ। ਫਿਲੀਪੀਨਜ਼ ਦੇ ਇੱਕ ਸਕੂਲ ਵਿੱਚ ਗੋਲੀਬਾਰੀ ਹੋ ਗਈ। ਹਮਲਾਵਰ ਕੋਈ ਹੋਰ ਨਹੀਂ, ਸਗੋਂ ਸਕੂਲ ਵਿੱਚ ਹੀ ਪੜ੍ਹਨ ਵਾਲਾ ਇੱਕ ਹਾਈ ਸਕੂਲ ਦਾ ਵਿਦਿਆਰਥੀ ਸੀ। ਉਹ ਕੈਂਪਸ ’ਚ ਦੋ ਬੰਦੂਕਾਂ ਲੈ ਕੇ ਵੜ ਆਇਆ ਅਤੇ ਲੋਕਾਂ ‘ਤੇ ਫ਼ਾਇਰਿੰਗ ਕਰ ਦਿੱਤੀ। ਇਸ ਘਟਨਾ ’ਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਹਮਲਾਵਰ ਨੇ ਵੀ ਖ਼ੁਦਕੁਸ਼ੀ ਕਰ ਲਈ।
ਮਾਮਲਾ ਦੱਖਣੀ ਫਿਲੀਪੀਨਜ਼ ਦੇ ਜ਼ਾਂਬੋਆਂਗਾ ਦਾ ਹੈ। ਸ਼ਹਿਰ ਦੇ ਮੇਅਰ ਖ਼ਾਈਮਰ ਅਦਾਨ ਓਲਾਸੋ ਨੇ ਦੱਸਿਆ ਕਿ ਹਮਲਾਵਰ ਨੇ ਬੌਡੀ ਕੈਮਰਾ ਪਹਿਨਿਆ ਹੋਇਆ ਸੀ ਅਤੇ ਉਹ ਹਮਲੇ ਦੀ ਲਾਈਵ ਸਟ੍ਰੀਮਿੰਗ ਕਰ ਰਿਹਾ ਸੀ। ਇਸ ਘਟਨਾ ਵਿੱਚ ਦੋ ਲੋਕ ਜ਼ਖ਼ਮੀ ਵੀ ਹੋਏ ਹਨ।
ਬੰਦੂਕ ਲੈ ਕੇ ਕੈਂਪਸ ਵਿੱਚ ਦਾਖ਼ਲ ਹੋਇਆ ਵਿਦਿਆਰਥੀ
ਪੁਲਿਸ ਮੁਤਾਬਕ, ਸਕੂਲ ਵਿੱਚ ਪੜ੍ਹਨ ਵਾਲਾ ਵਿਦਿਆਰਥੀ ਦੋ ਬੰਦੂਕਾਂ ਲੈ ਕੇ ਕੈਂਪਸ ਵਿੱਚ ਦਾਖ਼ਲ ਹੋ ਗਿਆ। ਸਭ ਤੋਂ ਪਹਿਲਾਂ ਉਸ ਨੇ ਆਪਣੇ ਅਧਿਆਪਕ ‘ਤੇ ਗੋਲੀ ਚਲਾਈ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਅਧਿਆਪਕ ਨੂੰ ਗੋਲੀ ਲੱਗੀ ਜਾਂ ਨਹੀਂ। ਇਸ ਤੋਂ ਬਾਅਦ ਉਸ ਨੇ ਆਪਣੇ ਸਾਥੀ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਦਿਆਂ ਹੀ ਵਿਦਿਆਰਥੀ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਤੋਂ ਬਾਅਦ ਹਮਲਾਵਰ ਵਿਦਿਆਰਥੀ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਯੂਨੀਵਰਸਿਟੀ ਦੇ ਪ੍ਰਧਾਨ ਅਰਨੋਲਡ ਅੰਦਲ ਨੇ ਦੱਸਿਆ ਕਿ ਹੁਣ ਗੋਲੀਬਾਰੀ ਨਹੀਂ ਹੋ ਰਹੀ ਹੈ ਅਤੇ ਘਟਨਾ ਵਿੱਚ ਕਿਸੇ ਹੋਰ ਦੇ ਮੌਤ ਜਾਂ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਜੂਨ ਵਿੱਚ ਵੀ ਵਾਪਰੀ ਸੀ ਘਟਨਾ
ਉਨ੍ਹਾਂ ਕਿਹਾ ਕਿ ਸਕੂਲ ਪ੍ਰਸ਼ਾਸਨ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਜੋ ਵਾਧੂ ਜਾਣਕਾਰੀ ਮਿਲੇਗੀ, ਉਸ ਨੂੰ ਉਪਲਬਧ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ ਜੂਨ ਵਿੱਚ ਵੀ ਫਿਲੀਪੀਨਜ਼ ਦੇ ਟੈਕਲੋਬਨ ਸ਼ਹਿਰ ਵਿੱਚ ਇੱਕ ਹਾਈ ਸਕੂਲ ਵਿੱਚ ਅਜਿਹੀ ਘਟਨਾ ਵਾਪਰੀ ਸੀ, ਜਿੱਥੇ ਸਕੂਲ ਦੇ ਹੀ ਦੋ ਵਿਦਿਆਰਥੀਆਂ ਨੇ ਕੈਂਪਸ ਵਿੱਚ ਗੋਲੀਬਾਰੀ ਕਰ ਦਿੱਤੀ ਸੀ।
ਇਸ ਗੋਲੀਬਾਰੀ ਵਿੱਚ ਵੀ 3 ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਅਤੇ 20 ਲੋਕ ਜ਼ਖ਼ਮੀ ਹੋ ਗਏ ਸਨ। ਇਸ ਤੋਂ ਅਜੇ 10 ਦਿਨ ਪਹਿਲਾਂ ਥਾਈਲੈਂਡ ਵਿੱਚ ਵੀ ਇੱਕ ਸਕੂਲ ਵਿੱਚ ਵਿਦਿਆਰਥੀ ਨੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ ਸੀ।










