ਨਵੀਂ ਦਿੱਲੀ : ਗਲੇਸ਼ੀਅਰ ਟੁੱਟਣ ਤੋਂ ਬਾਅਦ ਨੇਪਾਲ ’ਚ ਆਏ ਤਬਾਹਕੁੰਨ ਹੜ੍ਹ ਦੇ ਬਾਅਦ ਹੁਣ ਜ਼ਿੰਦਗੀਆਂ ਬਚਾਉਣ ਲਈ ਜੰਗ ਤੇਜ਼ ਹੋ ਗਈ ਹੈ। ਅੱਠ ਜ਼ਿਲ੍ਹਿਆਂ ’ਚ ਰਾਹਤ ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ, ਪਰ ਖਰਾਬ ਮੌਸਮ ਦੇ ਕਾਰਨ ਇਸ ਵਿਚ ਲਗਾਤਾਰ ਦਿੱਕਤਾਂ ਆ ਰਹੀਆਂ ਹਨ। ਸ਼ਨਿਚਰਵਾਰ ਨੂੰ ਵੀ ਖਰਾਬ ਮੌਸਮ ਦੇ ਕਾਰਨ ਬਚਾਅ ਮੁਹਿੰਮ ਨੂੰ ਵਿਚਾਲੇ ਰੋਕਣਾ ਪਿਆ। ਆਫਤ ਨਾਲ ਕਰੀਬ ਇਕ ਲੱਖ ਨੇਪਾਲੀ ਨਾਗਰਿਕ ਬੇਘਰ ਹੋ ਗਏ ਹਨ, ਜਦਕਿ ਤਿੰਨ ਕਰੋੜ ਲੋਕਾਂ ਦੇ ਸਾਹਮਣੇ ਰੋਜ਼ੀ ਰੋਟੀ ਦਾ ਸੰਕਟ ਖੜ੍ਹਾ ਹੋ ਗਿਆ ਹੈ। ਹਾਲਾਤ ਨੂੰ ਦੇਖਦੇ ਹੋਏ ਨੇਪਾਲ ਸਰਕਾਰ ਨੇ ਦੁਨੀਆ ਭਰ ਤੋਂ ਮਦਦ ਦੀ ਮੰਗ ਕੀਤੀ ਹੈ। ਰਾਇਟਰ ਦੇ ਮੁਤਾਬਕ, ਨੇਪਾਲ ਦੇ ਵਿੱਤ ਮੰਤਰੀ ਸਵਰਣਿਮ ਵਾਗਲੇ ਨੇ ਅਨੁਮਾਨ ਪ੍ਰਗਟਾਇਆ ਹੈ ਕਿ ਦੇਸ਼ ਨੂੰ ਚਾਰ ਤੋਂ ਪੰਜ ਅਰਬ ਡਾਲਰ ਦੀ ਮਦਦ ਦੀ ਲੋੜ ਪਵੇਗੀ। ਉਨ੍ਹਾਂ ਕਿਹਾ ਕਿ ਹਰ ਸਾਹ ਨੂੰ ਬਚਾਉਣ ਲਈ ਦੁਨੀਆ ਪੈਸੇ ਤੇ ਤਕਨੀਕ ਨਾਲ ਮਦਦ ਕਰੇ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਨੇਪਾਲ-ਤਿੱਬਤ ਸਰਹੱਦ ਤੋਂ 20 ਕਿਲੋਮੀਟਰ ਉੱਪਰ ਗਲੇਸ਼ੀਅਰ ਟੁੱਟ ਗਿਆ ਸੀ। ਇਸ ਦੇ ਬਾਅਦ ਭਾਰੀ ਮਾਤਰਾ ’ਚ ਬਰਫ਼, ਚੱਟਾਨਾਂ, ਚਿੱਕੜ ਤੇ ਮਲਬਾ ਪਹਾੜੀ ਨਦੀਆਂ ਦੇ ਰਸਤੇ ਨੇਪਾਲ ਵੱਲ ਕਰੀਬ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਧਿਆ। ਇਸ ਨਾਲ ਤਿੱਬਤ ਤੇ ਨੇਪਾਲ ’ਚ ਕੁੱਲ ਮਿਲਾ ਕੇ ਕਰੀਬ 3000 ਲੋਕ ਲਾਪਤਾ ਹੋ ਗਏ। ਇਸ ਵਿਚ ਨੇਪਾਲ ’ਚ 2400 ਲੋਕ ਲਾਪਤਾ ਹਨ, ਜਿਸ ਵਿਚ 320 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ 261 ਵਿਦੇਸ਼ੀ ਨਾਗਰਿਕਾਂ ਨੂੰ ਬਚਾਇਆ ਜਾ ਚੁੱਕਾ ਹੈ, ਜਿਸ ਵਿਚ 167 ਭਾਰਤੀ ਹਨ। 4400 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਹੁਣ ਤੱਕ ਨੇਪਾਲ ’ਚ 669 ਤੇ ਤਿੱਬਤ ਦੇ ਇਲਾਕੇ ’ਚ ਸੱਤ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ।
ਤਲਾਸ਼ੀ ਮੁਹਿੰਮ ’ਚ 15 ਹਜ਼ਾਰ ਸੁਰੱਖਿਆ ਮੁਲਾਜ਼ਮ ਲਗਾਏ ਗਏ ਹਨ। ਤਿੱਬਤ ਆਫਤ ਮੈਨੇਜਮੈਂਟ ਵਿਭਾਗ ਦੇ ਮੁਤਾਬਕ, ਗਯਿਰੋਂਗ ਕਾਊਂਟੀ ’ਚ 550 ਲੋਕ ਲਾਪਤਾ ਹਨ, ਜਿਨ੍ਹਾਂ ’ਚ 260 ਵਿਦੇਸ਼ੀ ਨਾਗਰਿਕ ਹਨ। ਹਾਲਾਂਕਿ, ਉਨ੍ਹਾਂ ਦੀ ਰਾਸ਼ਟਰੀਅਤਾ ਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਇਸ ਤੋਂ ਪਹਿਲਾਂ ਚੀਨੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਗਯਿਰੋਂਗ ਕਾਊਂਟੀ ਤੋਂ 1000 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਚੁੱਕਾ ਹੈ। ਇਨ੍ਹਾਂ ’ਚ 555 ਵਿਦੇਸ਼ੀ ਸੈਲਾਨੀ ਤੇ 499 ਸਥਾਨਕ ਨਾਗਰਿਕ ਸ਼ਾਮਲ ਹਨ। ਚੀਨ ਨੇ 2141 ਬਚਾਅ ਮੁਲਾਜ਼ਮਾਂ ਤੇ 86 ਮਾਹਿਰਾਂ ਨੂੰ ਭਾਲ ਦੀ ਕਾਰਵਾਈ ’ਚ ਲਗਾਇਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਮੁਤਾਬਕ, ਭਾਰਤ ਵਲੋਂ ਹੁਣ ਤੱਕ 60 ਟਨ ਰਾਹਤ ਸਮੱਗਰੀ ਲੈ ਕੇ ਤਿੰਨ ਜਹਾਜ਼ ਨੇਪਾਲ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾ 11 ਮੈਂਬਰੀ ਸੁਰੰਗ ਬਚਾਅ ਮਾਹਿਰਾਂ ਦੀ ਇਕ ਟੀਮ ਵੀ ਨੇਪਾਲ ਪਹੁੰਚੀ ਹੈ। ਇਹ ਟੀਮ ਰਸੁਵਾ ਤੇ ਨੁਵਾਕੋਟ ਜ਼ਿਲ੍ਹਿਆਂ ’ਚ ਹਾਈਡ੍ਰੋਪਾਵਰ ਪ੍ਰੋਜੈਕਟ ਦੀਆਂ ਸੁਰੰਗਾਂ ’ਚ ਫਸੇ ਲੋਕਾਂ ਨੂੰ ਕੱਢਣ ’ਚ ਮਦਦ ਕਰ ਰਹੀ ਹੈ। ਟੀਮ ਨੇ ਤ੍ਰਿਸ਼ੂਲੀ ਇਲਾਕੇ ’ਚ ਹਵਾਈ ਸਰਵੇਖਣ ਕੀਤਾ ਤੇ ਚਿਲੀਮ ਤੇ ਲਾਂਗਤਾਂਗ ਇਲਾਕੇ ’ਚ ਬਚਾਅ ਅਭਿਆਨ ਦੇ ਹਾਲਾਤ ਦੀ ਸਮੀਖਿਆ ਕੀਤੀ। ਇਸ ਅਭਿਆਨ ’ਚ ਨੇਪਾਲੀ ਫ਼ੌਜ ਤੇ ਪੁਲਿਸ ਦੇ 82 ਮੈਂਬਰ ਵੀ ਲੱਗੇ ਹੋਏ ਹਨ।










