ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖ਼ਾਨ ਮੁਤੱਕੀ ਨੇ ਅੱਜ ਭਰੋਸਾ ਜ਼ਾਹਿਰ ਕੀਤਾ ਕਿ ਭਾਰਤ-ਅਫ਼ਗਾਨਿਸਤਾਨ ਸਬੰਧ ਨੇੜ ਭਵਿੱਖ ’ਚ ਹੋਰ ਮਜ਼ਬੂਤ ਹੋਣਗੇ। ਉਨ੍ਹਾਂ ਦੱਖਣੀ ਏਸ਼ੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਇਸਲਾਮਿਕ ਮਦਰੱਸਿਆਂ ’ਚੋਂ ਇਕ ਸਹਾਰਨਪੁਰ ਸਥਿਤ ਦਾਰੁਲ ਉਲੂਮ ਦਿਓਬੰਦ ਦੀ ਆਪਣੀ ਫੇਰੀ ਦੌਰਾਨ ਕੀਤੇ ਗਏ ਨਿੱਘੇ ਸਵਾਗਤ ਲਈ ਲੋਕਾਂ ਦਾ ਧੰਨਵਾਦ ਕੀਤਾ।
ਮੁਤੱਕੀ ਨੇ ਇੱਥੇ ਕਿਹਾ, ‘ਅਸੀਂ ਨਵੇਂ ਕੂਟਨੀਤਕ ਭੇਜਾਂਗੇ ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਲੋਕ ਵੀ ਕਾਬੁਲ ਜਾਓਗੇ। ਦਿੱਲੀ ’ਚ ਜਿਸ ਤਰ੍ਹਾਂ ਮੇਰਾ ਸਵਾਗਤ ਹੋਇਆ, ਉਸ ਨਾਲ ਮੈਨੂੰ ਭਵਿੱਖ ’ਚ ਹੋਰ ਮਜ਼ਬੂਤ ਸਬੰਧਾਂ ਦੀ ਉਮੀਦ ਹੈ। ਨੇੜ ਭਵਿੱਖ ’ਚ ਇਹ ਦੌਰੇ ਲਗਾਤਾਰ ਹੋ ਸਕਦੇ ਹਨ।’ ਆਪਣੇ ਵਫ਼ਦ ਨਾਲ ਸੜਕੀ ਮਾਰਗ ਰਾਹੀਂ ਦਿੱਲੀ ਤੋਂ ਦਿਓਬੰਦ ਪੁੱਜੇ ਅਫ਼ਗਾਨ ਆਗੂ ਦਾ ਦਾਰੁਲ ਉਲੂਮ ਦਿਓਬੰਦ ਦੇ ਮੋਹਤਮਿਮ (ਵਾਈਸ ਚਾਂਸਲਰ) ਅਬੁਲ ਕਾਸਿਮ ਨੋਮਾਨੀ, ਜਮੀਅਤ ਉਲੇਮਾ-ਏ-ਹਿੰਦ ਦੇ ਮੁਖੀ ਮੌਲਾਨਾ ਅਰਸ਼ਦ ਮਦਨੀ ਤੇ ਦਾਰੁਲ ਉਲੂਮ ਦੇ ਅਹੁਦੇਦਾਰਾਂ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਮੁਤੱਕੀ ਨੂੰ ਮਿਲਣ ਲਈ ਇਸਲਾਮੀ ਮਦਰੱਸੇ ਦੇ ਸੈਂਕੜੇ ਵਿਦਿਆਰਥੀ ਤੇ ਵੱਡੀ ਗਿਣਤੀ ’ਚ ਸਥਾਨਕ ਲੋਕ ਦਿਓਬੰਦ ਕੈਂਪਸ ’ਚ ਇਕੱਠੇ ਹੋਏ ਸਨ ਪਰ ਉਨ੍ਹਾਂ ਨੂੰ ਸੁਰੱਖਿਆ ਕਰਮੀਆਂ ਨੇ ਰੋਕ ਦਿੱਤਾ। ਮੁਤੱਕੀ ਨੇ ਪੱਤਰਕਾਰਾਂ ਨੂੰ ਕਿਹਾ, ‘ਮੈਂ ਇਸ ਨਿੱਘੇ ਸਵਾਗਤ ਤੇ ਇੱਥੋਂ ਦੇ ਲੋਕਾਂ ਵੱਲੋਂ ਦਿਖਾਏ ਗਏ ਪਿਆਰ ਲਈ ਸ਼ੁਕਰਗੁਜ਼ਾਰ ਹਾਂ। ਮੈਨੂੰ ਆਸ ਹੈ ਕਿ ਭਾਰਤ-ਅਫ਼ਗਾਨਿਸਤਾਨ ਸਬੰਧ ਹੋਰ ਵੀ ਮਜ਼ਬੂਤ ਹੋਣਗੇ।’ ਮੁਤੱਕੀ ਦੇ ਆਉਣ ਤੋਂ ਪਹਿਲਾਂ ਖੁਫੀਆ ਏਜੰਸੀਆਂ, ਸੁਰੱਖਿਆ ਏਜੰਸੀਆਂ ਤੇ ਪੁਲੀਸ ਨੇ ਦਿਓਬੰਦ ’ਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਸਨ।










