ਪਾਕਿਸਤਾਨ ਦੇ ਉੱਤਰ ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿਚ ਸ਼ੁੱਕਰਵਾਰ ਰਾਤੀਂ ਵਿਆਹ ਸਮਾਗਮ ਦੌਰਾਨ ਖ਼ੁਦਕੁਸ਼ ਬੰਬਾਰ (ਫਿਦਾਈਨ) ਵੱਲੋਂ ਕੀਤੇ ਧਮਾਕੇ ਵਿਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤੇ ਦਸ ਹੋਰ ਜ਼ਖ਼ਮੀ ਹੋ ਗਏ। ਧਮਾਕਾ ਸ਼ਾਂਤੀ ਕਮੇਟੀ ਮੈਂਬਰ ਦੀ ਰਿਹਾਇਸ਼ ’ਤੇ ਹੋਇਆ।
ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੇ ਜ਼ਿਲ੍ਹਾ ਪੁਲੀਸ ਅਧਿਕਾਰੀ ਸੱਜਾਦ ਅਹਿਮਦ ਸਾਹਿਬਜ਼ਾਦਾ ਨੇ ਪੁਸ਼ਟੀ ਕੀਤੀ ਕਿ ਇਹ ਇੱਕ ਆਤਮਘਾਤੀ ਬੰਬ ਧਮਾਕਾ ਸੀ ਜੋ ਕੁਰੈਸ਼ੀ ਮੋੜ ਨੇੜੇ ਸ਼ਾਂਤੀ ਕਮੇਟੀ ਦੇ ਮੁਖੀ ਨੂਰ ਆਲਮ ਮਹਿਸੂਦ ਦੇ ਘਰ ’ਤੇ ਇੱਕ ਵਿਆਹ ਸਮਾਰੋਹ ਦੌਰਾਨ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਹਮਲਾ ਹੋਇਆ ਤਾਂ ਮਹਿਮਾਨ ਨੱਚ ਟੱਪ ਰਹੇ ਸਨ। ਧਮਾਕੇ ਕਾਰਨ ਕਮਰੇ ਦੀ ਛੱਤ ਡਿੱਗ ਗਈ, ਜਿਸ ਨਾਲ ਬਚਾਅ ਕਾਰਜਾਂ ਵਿੱਚ ਰੁਕਾਵਟ ਆਈ ਅਤੇ ਮਲਬੇ ਹੇਠ ਫਸੇ ਲੋਕਾਂ ਤੱਕ ਪਹੁੰਚਣਾ ਮੁਸ਼ਕਲ ਹੋ ਗਿਆ।










