ਅਮਰੀਕਾ ਦੇ ਅਧਿਕਾਰੀਆਂ ਵੱਲੋਂ ਕੈਨੇਡਾ ਦੇ ਵੱਖਵਾਦੀਆਂ ਨਾਲ ਮੀਟਿੰਗਾਂ ਕਰਨ ਦੇ ਮਾਮਲੇ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਅਮਰੀਕੀ ਪ੍ਰਸ਼ਾਸਨ ਕੈਨੇਡੀਅਨ ਪ੍ਰਭੂਸੱਤਾ ਦਾ ਸਤਿਕਾਰ ਕਰੇਗਾ। ਫਾਇਨਾਂਸ਼ੀਅਲ ਟਾਈਮਜ਼ ਦੀ ਰਿਪੋਰਟ ਅਨੁਸਾਰ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਨੇ ਅਲਬਰਟਾ ਪ੍ਰਾਸਪੈਰਿਟੀ ਪ੍ਰਾਜੈਕਟ ਨਾਲ ਸਬੰਧਤ ਗਰੁੱਪ ਨਾਲ ਤਿੰਨ ਮੀਟਿੰਗਾਂ ਕੀਤੀਆਂ। ਇਹ ਗਰੁੱਪ ਇਸ ਪੱਛਮੀ ਸੂਬੇ ਦੇ ਕੈਨੇਡਾ ਤੋਂ ਵੱਖ ਹੋਣ ਬਾਰੇ ਰਾਇਸ਼ੁਮਾਰੀ ਕਰਵਾਉਣ ’ਤੇ ਜ਼ੋਰ ਦੇ ਰਿਹਾ ਹੈ। ਕਾਰਨੀ ਨੇ ਕਿਹਾ, ‘ਅਸੀਂ ਉਮੀਦ ਕਰਦੇ ਹਾਂ ਕਿ ਅਮਰੀਕੀ ਪ੍ਰਸ਼ਾਸਨ ਕੈਨੇਡੀਅਨ ਪ੍ਰਭੂਸੱਤਾ ਦਾ ਸਤਿਕਾਰ ਕਰੇਗਾ। ਮੈਂ ਰਾਸ਼ਟਰਪਤੀ ਟਰੰਪ ਨਾਲ ਇਸ ਸਬੰਧੀ ਕਈ ਵਾਰ ਕੀਤੀ ਗੱਲਬਾਤ ਵਿੱਚ ਹਮੇਸ਼ਾ ਸਪੱਸ਼ਟ ਰਿਹਾ ਹਾਂ।’
ਕਾਰਨੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਟਰੰਪ ਨੇ ਕਦੇ ਵੀ ਉਨ੍ਹਾਂ ਨਾਲ ਅਲਬਰਟਾ ਵਿਚ ਵੱਖਵਾਦ ਦਾ ਮੁੱਦਾ ਨਹੀਂ ਉਠਾਇਆ।
ਫਾਇਨਾਂਸ਼ੀਅਲ ਟਾਈਮਜ਼ ਦੀ ਰਿਪੋਰਟ ਕਹਿ ਰਹੀ ਹੈ ਕਿ ਅਲਬਰਟਾ ਪ੍ਰਾਸਪੈਰਿਟੀ ਪ੍ਰਾਜੈਕਟ ਨਾਲ ਸਬੰਧਤ ਗਰੁੱਪ ਕਹਿੰਦਾ ਹੈ ਕਿ ਓਟਵਾ ਦੀਆਂ ਨੀਤੀਆਂ ਇਸ ਸੂਬੇ ਨੂੰ ਦਬਾ ਰਹੀਆਂ ਹਨ, ਉਹ ਅਗਲੇ ਮਹੀਨੇ ਸੂਬਾ ਅਤੇ ਖਜ਼ਾਨਾ ਅਧਿਕਾਰੀਆਂ ਨਾਲ ਇੱਕ ਹੋਰ ਮੀਟਿੰਗ ਕਰਨਾ ਚਾਹੁੰਦੇ ਹਨ ਤਾਂ ਕਿ 500 ਬਿਲੀਅਨ ਡਾਲਰ ਦੀ ਕ੍ਰੈਡਿਟ ਸਹੂਲਤ ਦੀ ਮੰਗ ਕੀਤੀ ਜਾ ਸਕੇ।
ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਉਹ ਕੈਨੇਡਾ ਦਾ ਹਿੱਸਾ ਰਹਿਣਾ ਚਾਹੁੰਦੀ ਹੈ ਪਰ ਚੋਣ ਨਤੀਜਿਆਂ ਤੋਂ ਪਤਾ ਲੱਗਿਆ ਹੈ ਕਿ 30% ਆਬਾਦੀ ਓਟਵਾ ਦੀ ਬਹੁਤ ਜ਼ਿਆਦਾ ਦਖਲਅੰਦਾਜ਼ੀ ਤੋਂ ਤੰਗ ਆ ਗਈ ਸੀ।
ਅਲਬਰਟਾ ਜ਼ਮੀਨ ਨਾਲ ਘਿਰਿਆ ਹੋਇਆ ਹੈ ਅਤੇ ਡੈਨੀਅਲ ਸਮਿਥ ਪ੍ਰਸ਼ਾਂਤ ਤੱਟ ਤੱਕ ਇੱਕ ਹੋਰ ਤੇਲ ਪਾਈਪਲਾਈਨ ਲਈ ਦਬਾਅ ਪਾ ਰਹੀ ਹੈ ਜਿਹੜੀ ਗੁਆਂਢੀ ਸੂਬੇ ਬ੍ਰਿਟਿਸ਼ ਕੋਲੰਬੀਆ ਤੋਂ ਪਾਰ ਜਾਵੇਗੀ ਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਇਸ ਵਿਚਾਰ ਨੂੰ ਮੂਲੋਂ ਰੱਦ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਡੇਵਿਡ ਏਬੀ ਦੇ ਡੈਨੀਅਲ ਸਮਿਥ ਨਾਲ ਸਬੰਧ ਸੁਖਾਵੇਂ ਨਹੀਂ ਹਨ ਜਿਨ੍ਹਾਂ ਨੇ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਸੀ ਕਿ ਕਿਸੇ ਹੋਰ ਦੇਸ਼ ਜਾਣਾ ਅਤੇ ਕੈਨੇਡਾ ਨੂੰ ਵੰਡਣ ਵਿੱਚ ਸਹਾਇਤਾ ਮੰਗਣਾ … ਦੇਸ਼ਧਰੋਹ ਹੈ।
ਪਿਛਲੇ ਹਫ਼ਤੇ, ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਇੱਕ ਰੇਡੀਓ ਸਟੇਸ਼ਨ ਵਿਚ ਗੱਲਬਾਤ ਕਰਦਿਆਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਸਾਨੂੰ ਉਨ੍ਹਾਂ ਨੂੰ ਅਮਰੀਕਾ ਵਿੱਚ ਜਾਣ ਦੇਣਾ ਚਾਹੀਦਾ ਹੈ।’
ਸੰਭਾਵਿਤ ਅਲਬਰਟਾ ਲੋਕ ਮਤ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਜਵਾਬ ਦਿੱਤਾ ਕਿ ਲੋਕ ਪ੍ਰਭੂਸੱਤਾ ਚਾਹੁੰਦੇ ਹਨ। ਉਹ ਉਹੀ ਚਾਹੁੰਦੇ ਹਨ ਜੋ ਅਮਰੀਕਾ ਕੋਲ ਹੈ। ਕਾਰਨੀ ਅਤੇ ਟਰੰਪ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਵਾਰ-ਵਾਰ ਇੱਕ-ਦੂਜੇ ’ਤੇ ਟਿੱਪਣੀਆਂ ਕੀਤੀਆਂ ਸਨ। ਕਾਰਨੀ, ਜੋ ਅਮਰੀਕੀ ਰਾਸ਼ਟਰਪਤੀ ਨੂੰ ਇੱਕ ਹੁਨਰਮੰਦ ਵਾਰਤਾਕਾਰ ਕਹਿੰਦੇ ਹਨ ਨੇ ਕਿਹਾ ਕਿ ਟਰੰਪ ਦੀਆਂ ਕੁਝ ਹਾਲੀਆ ਟਿੱਪਣੀਆਂ ਇਸ ਸਾਲ ਦੇ ਅੰਤ ਵਿੱਚ ਸ਼ੁਰੂ ਹੋਣ ਵਾਲੇ ਅਮਰੀਕਾ-ਮੈਕਸਿਕੋ-ਕੈਨੇਡਾ ਵਪਾਰ ਸਮਝੌਤੇ ਦੀ ਸਮੀਖਿਆ ਨਾਲ ਜੁੜੀਆਂ ਹੋ ਸਕਦੀਆਂ ਹਨ।










