ਨਵੀਂ ਦਿੱਲੀ: ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਇੱਕ ਵਾਰ ਫਿਰ ਵਧ ਗਿਆ ਹੈ। ਅਮਰੀਕੀ ਜਲ ਸੈਨਾ ਨੇ ਓਮਾਨ ਦੀ ਖਾੜੀ ਵਿੱਚ ਈਰਾਨੀ ਝੰਡੇ ਵਾਲੇ ਇੱਕ ਮਾਲਵਾਹਕ ਜਹਾਜ਼ ਨੂੰ ਰੋਕ ਕੇ ਉਸ ‘ਤੇ ਕਬਜ਼ਾ ਕਰ ਲਿਆ। ਇਹ ਕਾਰਵਾਈ ਹੋਰਮੁਜ਼ ਜਲਡਮਰੂਮੱਧ (Strait of Hormuz) ਦੇ ਕੋਲ ਚੱਲ ਰਹੀ ਅਮਰੀਕੀ ਨਾਕਾਬੰਦੀ ਦੌਰਾਨ ਪਹਿਲੀ ਵੱਡੀ ਜ਼ਬਤੀ ਮੰਨੀ ਜਾ ਰਹੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ‘ਟੂਸਕਾ’ ਨਾਮ ਦੇ ਇਸ ਜਹਾਜ਼ ਨੂੰ ਚਿਤਾਵਨੀ ਦੇਣ ਦੇ ਬਾਵਜੂਦ ਨਾ ਰੁਕਣ ‘ਤੇ ਜ਼ਬਤ ਕੀਤਾ ਗਿਆ ਹੈ। ਦੂਜੇ ਪਾਸੇ, ਈਰਾਨ ਨੇ ਇਸ ਕਾਰਵਾਈ ਨੂੰ ਜੰਗਬੰਦੀ ਦੀ ਉਲੰਘਣਾ ਦੱਸਦੇ ਹੋਏ ਇਸ ਨੂੰ ‘ਡਕੈਤੀ’ ਕਰਾਰ ਦਿੱਤਾ ਹੈ ਅਤੇ ਜਵਾਬੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਇਰਾਨ ਨੇ ਇਸਲਾਮਾਬਾਦ ਵਿੱਚ ਪ੍ਰਸਤਾਵਿਤ ਅਮਰੀਕਾ ਨਾਲ ਦੂਜੇ ਦੌਰ ਦੀ ਸ਼ਾਂਤੀ ਗੱਲਬਾਤ ਵਿੱਚ ਸ਼ਾਮਲ ਹੋਣ ਤੋਂ ਵੀ ਇਨਕਾਰ ਕਰ ਦਿੱਤਾ ਹੈ।










