ਅਮਰੀਕੀ ਰਾਸ਼ਟਰਪਤੀ ਟਰੰਪ ਨੇ ਈਰਾਨ ਦੇ ਨਾਲ ਮੌਜੂਦਾ ਜੰਗਬੰਦੀ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਟਰੰਪ ਨੇ ‘ਟਰੂਥ ਸੋਸ਼ਲ’ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਿਮ ਮੁਨੀਰ ਅਤੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੀ ਅਪੀਲ ‘ਤੇ ਹਮਲੇ ਫਿਲਹਾਲ ਰੋਕ ਦਿੱਤੇ ਗਏ ਹਨ, ਤਾਂ ਜੋ ਈਰਾਨ ਦੀ ਸਰਕਾਰ ਇੱਕਮਤ ਮਤਾ ਪੇਸ਼ ਕਰ ਸਕੇ। ਇਸ ਐਲਾਨ ‘ਤੇ ਈਰਾਨ ਵੱਲੋਂ ਤਿੱਖੀ ਪ੍ਰਤੀਕਿਰਿਆ ਆਈ ਹੈ। ਈਰਾਨ ਦੀ ਸੰਸਦ ਦੇ ਸਪੀਕਰ ਦੇ ਸਲਾਹਕਾਰ ਮਹਦੀ ਮੁਹੰਮਦੀ ਨੇ ਇਸ ਕਦਮ ਨੂੰ ਖਾਰਜ ਕਰਦਿਆਂ ਕਿਹਾ ਕਿ ਹਾਰਨ ਵਾਲੀ ਧਿਰ ਸ਼ਰਤਾਂ ਨਹੀਂ ਥੋਪ ਸਕਦੀ। ਉਨ੍ਹਾਂ ਇਹ ਵੀ ਕਿਹਾ ਕਿ ਟਰੰਪ ਵੱਲੋਂ ਜੰਗਬੰਦੀ ਵਧਾਉਣ ਦਾ ਈਰਾਨ ਲਈ ਕੋਈ ਮਹੱਤਵ ਨਹੀਂ ਹੈ। ਉਨ੍ਹਾਂ ਨੇ ਈਰਾਨ ਨੂੰ ਅਮਰੀਕਾ ਵਿਰੁੱਧ ਫੌਜੀ ਕਾਰਵਾਈ ਸ਼ੁਰੂ ਕਰਨ ਦਾ ਸੱਦਾ ਵੀ ਦਿੱਤਾ।
ਟਰੰਪ ਬੋਲੇ- ਈਰਾਨ ਦੀ ਸਰਕਾਰ ਗੰਭੀਰ ਰੂਪ ਵਿੱਚ ਟੁੱਟ ਚੁੱਕੀ ਹੈ
ਟਰੰਪ ਨੇ ਲਿਖਿਆ ਕਿ ਇਰਾਨ ਦੀ ਸਰਕਾਰ ਗੰਭੀਰ ਰੂਪ ਵਿੱਚ ਟੁੱਟ ਚੁੱਕੀ ਹੈ, ਜਿਵੇਂ ਕਿ ਉਮੀਦ ਸੀ। ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਿਮ ਮੁਨੀਰ ਅਤੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੀ ਅਪੀਲ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਇਰਾਨ ‘ਤੇ ਹਮਲੇ ਕੁਝ ਸਮੇਂ ਲਈ ਰੋਕਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਮੈਂ ਆਪਣੇ ਫੌਜੀ ਕਮਾਂਡਰਾਂ ਨੂੰ ਘੇਰਾਬੰਦੀ ਪੂਰੀ ਤਰ੍ਹਾਂ ਜਾਰੀ ਰੱਖਣ ਅਤੇ ਲੜਾਈ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਅਪ੍ਰੈਲ 2026 ਵਿੱਚ ਸ਼ੁਰੂ ਹੋਏ ਅਮਰੀਕਾ-ਈਰਾਨ ਸੰਘਰਸ਼ ਤੋਂ ਬਾਅਦ ਪਾਕਿਸਤਾਨ ਦੀ ਵਿਚੋਲਗੀ ਵਿੱਚ ਦੋ ਹਫ਼ਤਿਆਂ ਦੀ ਜੰਗਬੰਦੀ ਲਾਗੂ ਸੀ। ਜੰਗਬੰਦੀ ਦੀ ਸਮਾਂ ਸੀਮਾ ਮੰਗਲਵਾਰ-ਬੁੱਧਵਾਰ ਨੂੰ ਖ਼ਤਮ ਹੋਣ ਵਾਲੀ ਸੀ, ਪਰ ਟਰੰਪ ਨੇ ਇਸ ਨੂੰ ਅਨਿਸ਼ਚਿਤ ਸਮੇਂ ਲਈ ਵਧਾ ਦਿੱਤਾ ਹੈ।










