ਅਮਰੀਕਾ ਦੇ ਆਇਓਵਾ ਸ਼ਹਿਰ ਵਿੱਚ ਕਈ ਥਾਵਾਂ ‘ਤੇ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਘਟਨਾਵਾਂ ਬਾਰੇ ਪੁਲਿਸ ਨੇ ਦੱਸਿਆ ਕਿ ਸੋਮਵਾਰ ਨੂੰ ਆਇਓਵਾ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਘਟਨਾ ਕਿਸੇ ਘਰੇਲੂ ਵਿਵਾਦ ਦੇ ਕਾਰਨ ਵਾਪਰੀ ਹੈ। ABC ਦੀ ਰਿਪੋਰਟ ਮੁਤਾਬਕ, ਜਦੋਂ ਪੁਲਿਸ ਅਧਿਕਾਰੀਆਂ ਨੇ ਸ਼ੱਕੀ ਬੰਦੂਕਧਾਰੀ ਦਾ ਸਾਹਮਣਾ ਕੀਤਾ, ਤਾਂ ਉਸਨੇ ਖ਼ੁਦ ਨੂੰ ਗੋਲੀ ਮਾਰ ਲਈ ਅਤੇ ਉਸਦੀ ਮੌਤ ਹੋ ਗਈ। ਮਸਕਟਾਈਨ (Muscatine) ਪੁਲਿਸ ਮੁਖੀ ਐਂਥਨੀ ਕੀਸ ਦੇ ਅਨੁਸਾਰ, “ਦੁਪਹਿਰ 12 ਵਜੇ (ਸਥਾਨਕ ਸਮੇਂ) ਦੇ ਆਸ-ਪਾਸ ਪੁਲਿਸ ਨੂੰ ਇੱਕ ਕਾਲ ਆਈ ਸੀ। ਜਿਸ ਤੋਂ ਬਾਅਦ ਇੱਕ ਘਰ ਵਿੱਚ ਚਾਰ ਪੀੜਤ ਮ੍ਰਿਤਕ ਪਾਏ ਗਏ। ਪੁਲਿਸ ਨੇ ਦੱਸਿਆ ਕਿ ਸ਼ੱਕੀ ਦੀ ਪਛਾਣ ਮਸਕਟਾਈਨ ਦੇ 52 ਸਾਲਾ ਰਿਆਨ ਵਿਲਿਸ ਮੈਕਫਾਰਲੈਂਡ ਵਜੋਂ ਹੋਈ ਹੈ।”
ਪੁਲਿਸ ਅਧਿਕਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਘਰੋਂ ਨਿਕਲ ਚੁੱਕਾ ਸੀ। ਅਧਿਕਾਰੀਆਂ ਨੇ ਮੈਕਫਾਰਲੈਂਡ ਨੂੰ ਨੇੜੇ ਹੀ ਮਿਸੀਸਿਪੀ ਨਦੀ ਦੇ ਕੰਢੇ ਇੱਕ ਰਸਤੇ ‘ਤੇ ਲੱਭ ਲਿਆ।
ਕੀਸ ਨੇ ਅੱਗੇ ਕਿਹਾ, “ਰਿਆਨ ਵਿਲਿਸ ਮੈਕਫਾਰਲੈਂਡ ਨਾਲ ਗੱਲਬਾਤ ਕਰਦੇ ਸਮੇਂ, ਉਸਨੇ ਖ਼ੁਦ ਨੂੰ ਗੋਲੀ ਮਾਰ ਲਈ। ਅਧਿਕਾਰੀਆਂ ਅਤੇ ਈ.ਐਮ.ਐਸ. ਕਰਮਚਾਰੀਆਂ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਘਟਨਾ ਸਥਾਨ ‘ਤੇ ਹੀ ਉਸਦੀ ਮੌਤ ਹੋ ਗਈ।”
ਜਾਂਚ ਦੌਰਾਨ ਪਤਾ ਲੱਗਿਆ ਕਿ ਸ਼ਾਇਦ ਕੁਝ ਹੋਰ ਲੋਕ ਵੀ ਇਸਦਾ ਸ਼ਿਕਾਰ ਹੋਏ ਹੋ ਸਕਦੇ ਹਨ। ਇਸ ਤੋਂ ਬਾਅਦ ਪੁਲਿਸ ਨੂੰ ਦੋ ਹੋਰ ਮਰਦ ਮ੍ਰਿਤਕ ਮਿਲੇ, ਜਿਨ੍ਹਾਂ ਦੇ ਸਰੀਰ ‘ਤੇ ਗੋਲੀ ਲੱਗਣ ਦੇ ਨਿਸ਼ਾਨ ਸਨ। ਇਹਨਾਂ ਵਿੱਚੋਂ ਇੱਕ ਵਿਅਕਤੀ ਦੂਜੇ ਘਰ ਵਿੱਚ ਅਤੇ ਦੂਜਾ ਨੇੜੇ ਦੇ ਹੀ ਇੱਕ ਵਪਾਰਕ ਅਦਾਰੇ ਵਿੱਚ ਮ੍ਰਿਤਕ ਪਾਇਆ ਗਿਆ।
ਮਸਕਟਾਈਨ ਪੁਲਿਸ ਵਿਭਾਗ ਨੇ ਇੱਕ ਪ੍ਰੈਸ ਨੋਟ ਵਿੱਚ ਕਿਹਾ, “ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਗੋਲੀਬਾਰੀ ਘਰੇਲੂ ਵਿਵਾਦ ਕਾਰਨ ਹੋਈ ਸੀ। ਇਸ ਤੋਂ ਇਲਾਵਾ ਇਹ ਮੰਨਿਆ ਜਾ ਰਿਹਾ ਹੈ ਕਿ ਸਾਰੇ ਮ੍ਰਿਤਕ, ਦੋਸ਼ੀ ਸ਼ੱਕੀ ਦੇ ਹੀ ਪਰਿਵਾਰ ਦੇ ਮੈਂਬਰ ਸਨ।”










