ਕੀਵ: ਯੂਕਰੇਨ ਨੇ ਰੂਸ ਉੱਤੇ ਯੁੱਧ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਸਭ ਤੋਂ ਵੱਡੇ ਹਵਾਈ ਹਮਲਿਆਂ ਵਿੱਚੋਂ ਇੱਕ ਨੂੰ ਅੰਜਾਮ ਦਿੱਤਾ ਹੈ। ਯੂਕਰੇਨੀ ਸੈਨਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਰੂਸੀ ਰਾਕੇਟ ਸੈਂਟਰ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੇ ਨਾਲ ਹੀ ਰੂਸ ਦੀ ਇੱਕ ਫ਼ੌਜੀ ਹਵਾਈ ਪੱਟੀ ਉੱਤੇ ਵੀ ਹਮਲਾ ਕੀਤਾ ਗਿਆ ਹੈ।
ਯੂਕਰੇਨ ਵੱਲੋਂ ਕੀਤੇ ਗਏ ਇਸ ਹਮਲੇ ਵਿੱਚ ਰੋਸਤੋਵ ਖੇਤਰ ਵਿੱਚ ਸਥਿਤ ਮਿਜ਼ਾਈਲ ਅਤੇ ਰਾਕੇਟ ਦਾ ਸੌਲਿਡ ਫਿਊਲ (ਠੋਸ ਬਾਲਣ) ਬਣਾਉਣ ਵਾਲੀ ਇੱਕ ਪ੍ਰਮੁੱਖ ਫੈਕਟਰੀ ਤਬਾਹ ਹੋ ਗਈ। ਰੂਸੀ ਰੱਖਿਆ ਮੰਤਰਾਲੇ ਦੇ ਅਨੁਸਾਰ, ਉਨ੍ਹਾਂ ਨੇ ਰਾਤ ਭਰ ਵਿੱਚ 822 ਯੂਕਰੇਨੀ ਡਰੋਨ ਨਸ਼ਟ ਕੀਤੇ ਹਨ, ਜਿਨ੍ਹਾਂ ਵਿੱਚੋਂ 600 ਦਾ ਰੁਖ਼ ਰਾਜਧਾਨੀ ਮਾਸਕੋ ਵੱਲ ਸੀ। ਇਸ ਹਮਲੇ ਵਿੱਚ ਰੋਸਤੋਵ ਅਤੇ ਮਾਸਕੋ ਖੇਤਰ ਵਿੱਚ ਘੱਟੋ-ਘੱਟ 6 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਸੈਨਾ ਨੇ ਟੈਲੀਗ੍ਰਾਮ ਉੱਤੇ ਕਿਹਾ, “ਇਹ ਕੰਪਨੀ ਮਲਟੀਪਲ ਲਾਂਚ ਰਾਕੇਟ ਸਿਸਟਮ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਮਿਜ਼ਾਈਲ ਪ੍ਰਣਾਲੀਆਂ ਅਤੇ ਹਵਾ ਤੋਂ ਮਾਰ ਕਰਨ ਵਾਲੇ ਹਥਿਆਰਾਂ ਲਈ ਸੌਲਿਡ ਰਾਕੇਟ ਪ੍ਰੋਪੇਲੈਂਟ ਬਣਾਉਂਦੀ ਹੈ।”
6 ਲੋਕਾਂ ਦੀ ਮੌਤ ਦੀ ਪੁਸ਼ਟੀ
ਖੇਤਰ ਦੇ ਗਵਰਨਰ ਨੇ ਯੂਕਰੇਨੀ ਮਿਜ਼ਾਈਲ ਦੇ ਇੱਕ ਅਣਪਛਾਤੇ ਉਦਯੋਗਿਕ ਯੂਨਿਟ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਹੈ। ਸਥਾਨਕ ਗਵਰਨਰ ਯੂਰੀ ਸਲਿਉਸਾਰ ਨੇ ਦੱਸਿਆ ਕਿ ਰੂਸ ਦੇ ਦੱਖਣ-ਪੱਛਮੀ ਰੋਸਤੋਵ ਇਲਾਕੇ ਵਿੱਚ ਪੰਜ ਲੋਕ ਮਾਰੇ ਗਏ, ਜਿੱਥੇ ਤਿੰਨ ਕਸਬਿਆਂ ਉੱਤੇ ਹਮਲੇ ਹੋਏ। ਮਾਸਕੋ ਇਲਾਕੇ ਵਿੱਚ ਇੱਕ ਯੂਕਰੇਨੀ ਡਰੋਨ ਦੇ ਇੱਕ ਨਿੱਜੀ ਘਰ ਨਾਲ ਟਕਰਾਉਣ ਤੋਂ ਬਾਅਦ 83 ਸਾਲਾ ਇੱਕ ਵਿਅਕਤੀ ਦੀ ਮੌਤ ਹੋ ਗਈ।
ਫ਼ੌਜੀ ਹਵਾਈ ਪੱਟੀ ਉੱਤੇ ਹਮਲਾ
ਯੂਕਰੇਨੀ ਸੈਨਾ ਨੇ ਰੂਸ ਵਿੱਚ ਨਿਜ਼ਨੀ ਦੀ ਉਸ ਹਵਾਈ ਪੱਟੀ ਨੂੰ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੱਤਾ ਹੈ ਜਿੱਥੋਂ ਰੂਸੀ ਲੜਾਕੂ ਜਹਾਜ਼ ਉੱਡ ਕੇ ਯੂਕਰੇਨ ਉੱਤੇ ਹਮਲਾ ਕਰਦੇ ਸਨ। ਯੂਕਰੇਨੀ ਸੈਨਾ ਨੇ ਕਿਹਾ ਹੈ ਕਿ ਹਮਲਿਆਂ ਨਾਲ ਰੂਸ ਦੇ ਦੋਵੇਂ ਠਿਕਾਣਿਆਂ ਵਿੱਚ ਅੱਗ ਲੱਗ ਗਈ। (ਸਮਾਚਾਰ ਏਜੰਸੀ ਦੇ ਇਨਪੁਟ ਨਾਲ)










