ਪਟਿਆਲਾ : ਕੇਂਦਰੀ ਜੇਲ੍ਹ ਪਟਿਆਲਾ ’ਚ ਕੁੱਟਮਾਰ ਦਾ ਸ਼ਿਕਾਰ ਹੋਏ ਕੈਦੀ ਸਾਬਕਾ ਇੰਸਪੈਕਟਰ ਸੂਬਾ ਸਿੰਘ ਦੀ ਮੌਤ ਹੋਣ ਉਪਰੰਤ ਵੀਰਵਾਰ ਨੂੰ ਉਸ ਦੀ ਲਾਸ਼ ਦਾ ਰਾਜਿੰਦਰਾ ਹਸਪਤਾਲ ਦੀ ਮੋਰਚਰੀ ’ਚ ਪੋਸਟਮਾਰਟਮ ਕੀਤਾ ਗਿਆ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਨ ਉਪਰੰਤ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ। ਦੂਜੇ ਪਾਸੇ ਸੂਬਾ ਸਿੰਘ ਦੀ ਮੌਤ ਉਪਰੰਤ ਪੁਲਿਸ ਨੇ ਵਿਚਾਰ ਅਧੀਨ ਕੈਦੀ ਸੰਦੀਪ ਸਿੰਘ ਸੰਨੀ ਖ਼ਿਲਾਫ਼ ਥਾਣਾ ਤ੍ਰਿਪੜੀ ਵਿਖੇ ਦਰਜ ਕੀਤੇ ਕੇਸ ਦੀਆਂ ਧਾਰਾਵਾਂ ’ਚ ਵਾਧਾ ਕਰਦਿਆਂ ਕਤਲ ਕੇਸ ਦੀ ਧਾਰਾ ਵੀ ਜੋੜ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਸੂਬਾ ਸਿੰਘ ਦੇ ਰਿਸ਼ਤੇਦਾਰ ਮਨਜੀਤ ਸਿੰਘ ਤੇ ਗੁਰਮੁੱਖ ਸਿੰਘ ਲਾਸ਼ ਲੈਣ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਪੁੱਜੇ ਸਨ, ਜਿਥੇ ਪੁਲਿਸ ਕਾਰਵਾਈ ਉਪਰੰਤ ਡਾਕਟਰਾਂ ਵੱਲੋਂ ਬਾਅਦ ਦੁਪਹਿਰ ਪੋਸਟਮਾਰਟਮ ਮਗਰੋਂ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਤੇ ਪਰਿਵਾਰਿਕ ਮੈਂਬਰ ਸੂਬਾ ਸਿੰਘ ਦੀ ਲਾਸ਼ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ’ਚ ਪੈਂਦੇ ਉਸ ਦੇ ਜੱਦੀ ਪਿੰਡ ਲੈ ਗਏ। ਦੱਸਣਯੋਗ ਹੈ ਕਿ 5 ਅਗਸਤ 2025 ਨੂੰ ਸਾਬਕਾ ਇੰਸਪੈਕਟਰ ਸੂਬਾ ਸਿੰਘ ਤੇ ਹੋਰਨਾਂ ਨੂੰ 1993 ’ਚ ਤਰਨਤਾਰਨ ਦੇ ਸੱਤ ਨੌਜਵਾਨਾਂ ਦੇ ਝੂਠੇ ਮੁਕਾਬਲੇ ਦੇ ਕੇਸ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਉਹ ਕੇਂਦਰੀ ਜੇਲ੍ਹ ਪਟਿਆਲਾ ’ਚ ਬੰਦ ਸਨ, ਜਿਨ੍ਹਾਂ ਦਾ ਬੀਤੇ ਦਿਨੀਂ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਕੇਸ ’ਚ ਬੰਦ ਸੰਦੀਪ ਸਿੰਘ ਸੰਨੀ ਨਾਲ ਝਗੜਾ ਹੋਇਆ ਸੀ। ਇਸ ਝੜਪ ਦੌਰਾਨ ਸੂਬਾ ਸਿੰਘ ਦੇ ਗੰਭੀਰ ਜ਼ਖ਼ਮੀ ਹੋਣ ਕਾਰਨ ਉਸ ਦਾ ਰਾਜਿੰਦਰਾ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ, ਜਿਸ ਦੀ ਬੁੱਧਵਾਰ ਨੂੰ ਮੌਤ ਹੋ ਗਈ ਸੀ।










