ਕਾਠਮੰਡੂ : ਹਿੰਦੂਕੁਸ਼ ਹਿਮਾਲਿਆ (HKH) ਦਾ ਵਿਸ਼ਾਲ ਖੇਤਰ ਸਿਰਫ਼ ਪਹਾੜਾਂ ਦੀ ਲੜੀ ਨਹੀਂ, ਸਗੋਂ ਇਸ ਨੂੰ ਏਸ਼ੀਆ ਦਾ ਵਾਟਰ ਟਾਵਰ ਕਿਹਾ ਜਾਂਦਾ ਹੈ, ਕਿਉਂਕਿ ਇਹ ਦੁਨੀਆ ਦੀ ਇਕ ਵੱਡੀ ਆਬਾਦੀ ਦੀ ਪਿਆਸ ਬੁਝਾਉਂਦਾ ਹੈ। ਪਰ ਅੱਜ ਇਹੀ ਖੇਤਰ ਬੇਹੱਦ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ। ਕਾਠਮੰਡੂ ਸਥਿਤ ਇੰਟਰਨੈਸ਼ਨਲ ਸੈਂਟਰ ਫਾਰ ਇੰਟੀਗ੍ਰੇਟਿਡ ਮਾਊਂਟੇਨ ਡਿਵੈਲਪਮੈਂਟ (ICIMOD) ਦੀਆਂ ਦੋ ਹਾਲੀਆ ਰਿਪੋਰਟਾਂ ‘ਚ ਡਰਾਉਣੀ ਹਕੀਕਤ ਸਾਹਮਣੇ ਆਈ ਹੈ। ਰਿਪੋਰਟ ਦੱਸਦੀ ਹੈ ਕਿ ਸਾਲ 2000 ਤੋਂ ਬਾਅਦ ਇੱਥੇ ਗਲੇਸ਼ੀਅਰਾਂ ਦੇ ਪਿਘਲਣ ਦੀ ਰਫ਼ਤਾਰ ਦੁੱਗਣੀ ਹੋ ਚੁੱਕੀ ਹੈ ਅਤੇ ਜੇਕਰ 1975 ਨਾਲ ਤੁਲਨਾ ਕੀਤੀ ਜਾਵੇ ਤਾਂ ਬਰਫ਼ ਦੀ ਮੋਟਾਈ ‘ਚ 27 ਮੀਟਰ ਤੱਕ ਦੀ ਭਾਰੀ ਕਮੀ ਆ ਚੁੱਕੀ ਹੈ। ਭਾਰਤ, ਨੇਪਾਲ, ਭੂਟਾਨ ਤੇ ਚੀਨ ਵਰਗੇ ਗੁਆਂਢੀ ਦੇਸ਼ਾਂ ਲਈ ਇਹ ਸਿਰਫ਼ ਵਾਤਾਵਰਨ ਨਾਲ ਜੁੜੀ ਕੋਈ ਆਮ ਖ਼ਬਰ ਨਹੀਂ ਹੈ, ਸਗੋਂ ਇਕ ਸਿੱਧਾ ਖ਼ਤਰਾ ਹੈ। ਗਲੇਸ਼ੀਅਰਾਂ ਦਾ ਇਹ ਤੇਜ਼ੀ ਨਾਲ ਖ਼ਤਮ ਹੋਣਾ ਹੇਠਲੇ ਇਲਾਕਿਆਂ ‘ਚ ਰਹਿਣ ਵਾਲੇ ਉਨ੍ਹਾਂ ਦੋ ਅਰਬ ਲੋਕਾਂ ਦੇ ਭਵਿੱਖ ਨੂੰ ਸਿੱਧੇ ਤੌਰ ‘ਤੇ ਦਾਅ ‘ਤੇ ਲਾ ਰਿਹਾ ਹੈ, ਜਿਨ੍ਹਾਂ ਦੀ ਜ਼ਿੰਦਗੀ, ਖੇਤੀ ਅਤੇ ਪਾਣੀ ਦੀ ਹਰ ਬੂੰਦ ਇਸ ਹਿਮਾਲਿਆ ਤੋਂ ਨਿਕਲਣ ਵਾਲੀਆਂ ਨਦੀਆਂ ‘ਤੇ ਨਿਰਭਰ ਹੈ।
4,000 ਮੀਟਰ ‘ਤੇ ਬਰਫ਼ਬਾਰੀ ਦੀ ਥਾਂ ਮੀਂਹ
ਕੁਝ ਹੀ ਦਿਨ ਪਹਿਲਾਂ ਨੇਪਾਲ ‘ਚ ਆਏ ਫਲੈਸ਼ ਫਲੱਡ ਦੇ ਅਸਲ ਕਾਰਨਾਂ ਦੀ ਜਾਂਚ ਵਿਗਿਆਨੀ ਤੇ ਖੋਜਕਰਤਾ ਕਰ ਰਹੇ ਹਨ, ਜਿਸ ਵਿਚ 272 ਲੋਕਾਂ ਦੀ ਜਾਨ ਚਲੀ ਗਈ। ਹਾਲਾਂਕਿ, ਕਈ ਮਾਹਿਰ ਇਸ ਦੇ ਪਿੱਛੇ ਕਈ ਕਾਰਕਾਂ ਦੇ ਮਿਲੇ-ਜੁਲੇ ਪ੍ਰਭਾਵ ਨੂੰ ਜ਼ਿੰਮੇਵਾਰ ਮੰਨ ਰਹੇ ਹਨ। ਇਨ੍ਹਾਂ ਵਿੱਚ ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ 4,000 ਮੀਟਰ ਅਤੇ ਇਸ ਤੋਂ ਵੱਧ ਦੀ ਉਚਾਈ ‘ਤੇ ਹੁਣ ਬਰਫ਼ਬਾਰੀ ਦੀ ਬਜਾਏ ਮੀਂਹ ਪੈ ਰਿਹਾ ਹੈ।
ਕੇਂਦਰ ਸਰਕਾਰ ਦੇ ਦੇਹਰਾਦੂਨ ਸਥਿਤ ਵਾਡੀਆ ਇੰਸਟੀਚਿਊਟ ਆਫ਼ ਹਿਮਾਲੀਅਨ ਜਿਓਲੋਜੀ ਦੇ ਇਕ ਵਿਗਿਆਨੀ ਨੇ ਦੱਸਿਆ ਕਿ ਗਲੋਬਲ ਵਾਰਮਿੰਗ ਇਹ ਸਪੱਸ਼ਟ ਕਰ ਸਕਦੀ ਹੈ ਕਿ ਉਨ੍ਹਾਂ ਉਚਾਈਆਂ ‘ਤੇ ਮੀਂਹ ਕਿਉਂ ਪੈ ਰਿਹਾ ਹੈ, ਜਿੱਥੇ ਪਹਿਲਾਂ ਬਰਫ਼ ਪੈਂਦੀ ਸੀ ਅਤੇ ਗਲੇਸ਼ੀਅਰ ਇੰਨੀ ਤੇਜ਼ੀ ਨਾਲ ਕਿਉਂ ਸੁੰਗੜ ਰਹੇ ਹਨ। ਸੁੰਗੜ ਰਿਹਾ ਗਲੇਸ਼ੀਅਰ
ਇਸ ਸਾਲ ਮਾਰਚ ਵਿਚ ਪ੍ਰਕਾਸ਼ਿਤ ICIMOD ਦੀਆਂ ਰਿਪੋਰਟਾਂ ‘ਚ ਸਪੱਸ਼ਟ ਕੀਤਾ ਗਿਆ ਸੀ ਕਿ 1990 ਅਤੇ 2020 ਦੇ ਵਿਚਕਾਰ HKH ਗਲੇਸ਼ੀਅਰਾਂ ਨੇ ਆਪਣੇ ਕੁੱਲ ਖੇਤਰਫਲ ਦਾ ਲਗਪਗ 12 ਫ਼ੀਸਦੀ ਅਤੇ ਅਨੁਮਾਨਿਤ ਬਰਫ਼ ਭੰਡਾਰ ਦਾ 9 ਫ਼ੀਸਦੀ ਹਿੱਸਾ ਗੁਆ ਦਿੱਤਾ ਹੈ।
ਇਨ੍ਹਾਂ ਵਿੱਚੋਂ ਇਕ ਰਿਪੋਰਟ HKH Glacier Outlook 2026, ਜਿਸ ਨੇ 38 ਨਿਗਰਾਨੀ ਅਧੀਨ ਗਲੇਸ਼ੀਅਰਾਂ ਦੇ ਡੇਟਾ ਦਾ ਵਿਸ਼ਲੇਸ਼ਣ ਕੀਤਾ, ‘ਚ ਪਾਇਆ ਗਿਆ ਕਿ ਸਾਲ 2000 ਤੋਂ ਬਾਅਦ ਗਲੇਸ਼ੀਅਰਾਂ ਦਾ ਪਿਘਲਣਾ ਦੁੱਗਣਾ ਹੋ ਗਿਆ ਹੈ। ਇਹ ਇਸ ਗੱਲ ਦਾ ਮਜ਼ਬੂਤ ਸੰਕੇਤ ਹੈ ਕਿ ਹਿਮਾਲਿਆਈ ਕ੍ਰਾਇਓਸਫੀਅਰ ਦੇ ਕੁਝ ਹਿੱਸੇ ਅਟੱਲ ਨੁਕਸਾਨ ਦੇ ਮਹੱਤਵਪੂਰਨ ਮੋੜ ਦੇ ਨੇੜੇ ਪਹੁੰਚ ਰਹੇ ਹਨ।
ਹਾਲਾਂਕਿ, ਰਿਪੋਰਟ ‘ਚ ਡੇਟਾ ਦੀ ਕਮੀ ਨੂੰ ਵੀ ਉਜਾਗਰ ਕੀਤਾ ਗਿਆ ਹੈ। ਨਿਗਰਾਨੀ ਕੀਤੇ ਜਾ ਰਹੇ 38 ਗਲੇਸ਼ੀਅਰਾਂ ‘ਚੋਂ ਸਿਰਫ਼ ਸੱਤ ਹੀ ਵਰਲਡ ਗਲੇਸ਼ੀਅਰ ਮੌਨੀਟਰਿੰਗ ਸਰਵਿਸ ਦੇ ਵਿਸ਼ਵ ਪੱਧਰੀ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਕਾਰਾਕੋਰਮ, ਸਿੱਕਮ, ਜ਼ਾਂਸਕਾਰ ਤੇ ਭੂਟਾਨ ਵਰਗੇ ਗਲੇਸ਼ੀਅਰਾਂ ਦੀ ਭਾਰੀ ਮੌਜੂਦਗੀ ਵਾਲੇ ਕਈ ਖੇਤਰ ਅਜੇ ਵੀ ਵੱਡੇ ਪੱਧਰ ‘ਤੇ ਨਿਗਰਾਨੀ ਤੋਂ ਬਾਹਰ ਹਨ।
ਕੀ ਜ਼ਮੀਨ ਖਿਸਕਣ ਕਾਰਨ ਆਇਆ ਹੜ੍ਹ?
ICIMOD ਦੇ ਖੋਜਕਰਤਾ ਹੁਣ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਜ਼ਿਆਦਾ ਉਚਾਈ ਵਾਲੇ ਸਥਾਨ ਤੋਂ ਬਰਫ਼ ਤੇ ਚੱਟਾਨਾਂ ਦੇ ਖਿਸਕਣ ਕਾਰਨ ਇਸ ਭਿਆਨਕ ਹੜ੍ਹ ਨੇ ਜਨਮ ਲਿਆ। ਮੰਨਿਆ ਜਾ ਰਿਹਾ ਹੈ ਕਿ ਬਰਫ਼ ਤੇ ਚੱਟਾਨਾਂ ਦੇ ਮਲਬੇ ਦੀ ਵੱਡੀ ਮਾਤਰਾ ਭੋਟੇ ਕੋਸ਼ੀ ਨਦੀ ਦੀ ਸਹਾਇਕ ਨਦੀ ‘ਚ ਡਿੱਗ ਗਈ, ਜਿਸ ਨਾਲ ਪਾਣੀ, ਗਾਦ ਅਤੇ ਪੱਥਰਾਂ ਦਾ ਤੇਜ਼ ਵਹਾਅ ਅਚਾਨਕ ਹੇਠਾਂ ਵੱਲ ਆ ਗਿਆ।
ICIMOD ਦੇ ਸੀਨੀਅਰ ਕ੍ਰਾਇਓਸਫੀਅਰ ਮਾਹਿਰ ਅਤੇ ਭਾਰਤੀ ਤਕਨਾਲੋਜੀ ਸੰਸਥਾਨ (IIT) ਇੰਦੌਰ ‘ਚ ਐਸੋਸੀਏਟ ਪ੍ਰੋਫੈਸਰ ਮੁਹੰਮਦ ਫਾਰੂਕ ਆਜ਼ਮ ਨੇ ਦੱਸਿਆ, “ਇਹ ਜਲਵਾਯੂ ਪਰਿਵਰਤਨ ਨਾਲ ਸਬੰਧਤ ਹੈ, ਕਿਉਂਕਿ ਬਰਫ਼ ਦੀ ਪਰਤ ਘੱਟ ਰਹੀ ਹੈ, ਗਲੇਸ਼ੀਅਰ ਸੁੰਗੜ ਰਹੇ ਹਨ ਅਤੇ ਵਧੇਰੇ ਚੱਟਾਨੀ ਜਾਂ ਬੰਜਰ ਖੇਤਰ ਸਾਹਮਣੇ ਆ ਰਹੇ ਹਨ।”
ਇਹ ਖੇਤਰ ਵਧੇਰੇ ਗਰਮੀ ਸੋਖਦੇ ਹਨ, ਜਿਸ ਨਾਲ ਢਲਾਣਾਂ ਹੋਰ ਅਸਥਿਰ ਅਤੇ ਸੰਵੇਦਨਸ਼ੀਲ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਸਹੀ ਕਾਰਨ ਦਾ ਅਜੇ ਪਤਾ ਨਹੀਂ ਲੱਗਾ ਹੈ, ਪਰ ਇਹ ਤੇਜ਼ੀ ਨਾਲ ਸੁੰਗੜ ਰਹੇ ਗਲੇਸ਼ੀਅਰਾਂ ਅਤੇ ਪਰਮਾਫ੍ਰੌਸਟ ਦੇ ਨੁਕਸਾਨ ਕਾਰਨ ਬਰਫ਼ ਦੀ ਘਟ ਰਹੀ ਪਰਤ ਵੱਲ ਇਸ਼ਾਰਾ ਕਰਦਾ ਹੈ।










