ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਨਵੀਂ ਪ੍ਰੈੱਸ ਸਕੱਤਰ ਕੇਟੀ ਜਕਾਰੀਆ ਦੀ ਪਹਿਲੀ ਪ੍ਰੈੱਸ ਬ੍ਰੀਫਿੰਗ ਦੌਰਾਨ ਇਕ ਅਜੀਬ ਘਟਨਾ ਵਾਪਰੀ। ਮੰਗਲਵਾਰ ਨੂੰ ਉਨ੍ਹਾਂ ਨੇ ਆਪਣੀ ਪਹਿਲੀ ਪ੍ਰੈੱਸ ਬ੍ਰੀਫਿੰਗ ਕੀਤੀ। ਇਸ ਦੌਰਾਨ ਚਾਰ ਬੱਚਿਆਂ ਦੀ ਪਰਵਰਿਸ਼ ਅਤੇ ਨੌਕਰੀ ਵਿਚਾਲੇ ਤਾਲਮੇਲ ਬਿਠਾਉਣ ਨਾਲ ਜੁੜੇ ਸਵਾਲ ਦਾ ਜਵਾਬ ਦਿੰਦਿਆਂ ਉਹ ਆਪਣੇ ਪਤੀ ਅਤੇ ਰਾਸ਼ਟਰਪਤੀ ਵਿਚਾਲੇ ਉਲਝ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਟਰੰਪ ਨੂੰ ਗਲਤੀ ਨਾਲ ਆਪਣਾ ਪਤੀ ਕਹਿਣ ਦੀ ਬਜਾਏ ‘ਮੇਰੇ ਰਾਸ਼ਟਰਪਤੀ’ ਕਹਿ ਦੇਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
‘ਮੇਰੇ ਪਤੀ’ ਦੀ ਬਜਾਏ ਕਹਿ ਦਿੱਤਾ ‘ਮੇਰੇ ਰਾਸ਼ਟਰਪਤੀ’
ਪ੍ਰੈੱਸ ਬ੍ਰੀਫਿੰਗ ਦੌਰਾਨ ਉਸ ਸਮੇਂ ਅਜੀਬ ਸਥਿਤੀ ਬਣ ਗਈ, ਜਦੋਂ ਕੇਟੀ ਨੇ ਗਲਤੀ ਨਾਲ ‘ਮੇਰੇ ਪਤੀ’ ਕਹਿਣ ਦੀ ਬਜਾਏ ‘ਮੇਰੇ ਰਾਸ਼ਟਰਪਤੀ’ ਕਹਿ ਦਿੱਤਾ। ਕੇਟੀ ਨੂੰ ਸਵਾਲ ਪੁੱਛਿਆ ਗਿਆ ਸੀ ਕਿ ਉਹ ਨੌਕਰੀ ਅਤੇ ਚਾਰ ਬੱਚਿਆਂ ਦੀ ਪਰਵਰਿਸ਼ ਵਿਚਾਲੇ ਕਿਵੇਂ ਤਾਲਮੇਲ ਬਿਠਾਏਗੀ। ਇਸ ਸਵਾਲ ਦਾ ਜਵਾਬ ਦਿੰਦਿਆਂ ਕੇਟੀ ਨੇ ਕਿਹਾ, “ਤਾਂ ਮੇਰੇ ਰਾਸ਼ਟਰਪਤੀ… ਮਾਫ਼ ਕਰਨਾ, ਮੇਰੇ ਪਤੀ… ਇਹ ਤਾਂ ਮਜ਼ੇਦਾਰ ਗੱਲ ਹੋ ਗਈ।”
ਦਰਅਸਲ, ਕੇਟੀ ਦੇ ਪਤੀ ਅਤੇ ਬੱਚੇ ਕੈਲੀਫੋਰਨੀਆ ‘ਚ ਰਹਿੰਦੇ ਹਨ। ਉਨ੍ਹਾਂ ਦੇ ਚਾਰ ਬੱਚੇ ਹਨ। ਅਜਿਹੇ ‘ਚ ਉਨ੍ਹਾਂ ਨੂੰ ਸਵਾਲ ਪੁੱਛਿਆ ਗਿਆ ਕਿ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਵਜੋਂ ਕੰਮ ਕਰਦਿਆਂ ਉਹ ਆਪਣੇ ਬੱਚਿਆਂ ਅਤੇ ਪਤੀ ਲਈ ਸਮਾਂ ਕਿਵੇਂ ਕੱਢਣਗੇ। ਇਸ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਜਲਦੀ ਹੀ ਰਾਜਧਾਨੀ ‘ਚ ਰਹਿਣ ਲਈ ਆ ਜਾਵੇਗਾ। ਉਨ੍ਹਾਂ ਦੀ ਇਹ ਪ੍ਰੈੱਸ ਬ੍ਰੀਫਿੰਗ ਸਿਰਫ਼ 14 ਮਿੰਟ ਤੱਕ ਚੱਲੀ।
ਕੌਣ ਹਨ ਕੇਟੀ ਦੇ ਪਤੀ?
ਕੇਟੀ ਦੇ ਪਤੀ ਟਾਈਲਰ ਜਕਾਰੀਆ ਮਨੋਰੰਜਨ ਉਦਯੋਗ ‘ਚ ਫ਼ਿਲਮ ਨਿਰਮਾਤਾ ਹਨ ਅਤੇ 2521 ਐਂਟਰਟੇਨਮੈਂਟ ‘ਚ ਮੁੱਖ ਸੰਚਾਲਨ ਅਧਿਕਾਰੀ (COO) ਵਜੋਂ ਕੰਮ ਕਰਦੇ ਹਨ। ਦੋਵੇਂ 2016 ਤੋਂ ਇਕੱਠੇ ਹਨ। ਬ੍ਰੀਫਿੰਗ ਦੌਰਾਨ ਕੇਟੀ ਨੇ ਦੱਸਿਆ ਕਿ ਕੰਮ ‘ਤੇ ਵਾਪਸ ਆਉਣ ਤੋਂ ਪਹਿਲਾਂ ਉਹ 2014 ਤੋਂ 2020 ਤੱਕ ਘਰ ਰਹਿ ਕੇ ਆਪਣੇ ਬੱਚਿਆਂ ਦੀ ਦੇਖਭਾਲ ਕਰਦੀ ਰਹੀ ਸੀ। ਹੁਣ ਉਹ ਪਰਿਵਾਰ ਅਤੇ ਕੰਮ ਵਿਚਾਲੇ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਟਰੰਪ ਦੀ ਨਵੀਂ ਪ੍ਰੈੱਸ ਸਕੱਤਰ ਹਨ ਕੇਟੀ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਿਛਲੇ ਹਫ਼ਤੇ ਕੇਟੀ ਜਕਾਰੀਆ ਨੂੰ ਵ੍ਹਾਈਟ ਹਾਊਸ ਦੀ ਨਵੀਂ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਹੈ। ਕੇਟੀ ਨੇ ਕੈਰੋਲਿਨ ਲੇਵਿਟ ਦੀ ਥਾਂ ਲਈ ਹੈ, ਜਿਨ੍ਹਾਂ ਨੇ ਅਗਸਤ ‘ਚ ਅਹੁਦਾ ਛੱਡ ਦਿੱਤਾ ਸੀ। 41 ਸਾਲਾ ਜਕਾਰੀਆ ਪੇਸ਼ੇ ਤੋਂ ਵਕੀਲ ਹਨ ਅਤੇ ਫਿਲਹਾਲ ਟਰੰਪ ਮੀਡੀਆ ਐਂਡ ਟੈਕਨਾਲੋਜੀ ਗਰੁੱਪ ‘ਚ ਸਲਾਹਕਾਰ ਵਜੋਂ ਕੰਮ ਕਰ ਰਹੇ ਹਨ। ਟਰੰਪ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦਾ ਰਿਕਾਰਡ ਬੇਦਾਗ਼ ਹੈ।










