ਵਾਸ਼ਿੰਗਟਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਦੇ ਇੱਕ ਏਅਰਬੇਸ ‘ਤੇ ਹੋਏ ਹਮਲੇ ਦਾ ਵੀਡੀਓ ਸਾਂਝਾ ਕੀਤਾ ਹੈ। ਇਹ ਏਅਰਬੇਸ ਦੱਖਣ-ਪੂਰਬੀ ਖੇਤਰ ਈਰਾਨਸ਼ਹਿਰ ਵਿੱਚ ਸਥਿਤ ਹੈ ਅਤੇ ਇਸਦੇ ਕੁਝ ਹਿੱਸੇ ਦੀ ਵਰਤੋਂ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ (IRGC) ਵੀ ਕਰਦੀ ਹੈ।
ਟਰੰਪ ਨੇ ਦਾਅਵਾ ਕੀਤਾ ਹੈ ਕਿ ਈਰਾਨ ਅਮਰੀਕਾ ਨਾਲ ਜੰਗਬੰਦੀ ਦੇ ਸਮਝੌਤੇ ਲਈ ਤੜਫ਼ ਰਿਹਾ ਹੈ। ਉਨ੍ਹਾਂ ਨੇ ਕਿਹਾ, ‘ਈਰਾਨ ਵੱਲੋਂ ਕੁਝ ਸਮਾਂ ਪਹਿਲਾਂ ਫ਼ੋਨ ਆਇਆ ਸੀ। ਉਹ ਸਮਝੌਤਾ ਕਰਨ ਲਈ ਮਿੰਨਤਾਂ ਕਰ ਰਹੇ ਹਨ। ਮੈਨੂੰ ਨਹੀਂ ਪਤਾ ਕਿ ਉਹ ਇਸ ਦੇ ਲਾਇਕ ਵੀ ਹਨ ਜਾਂ ਨਹੀਂ। ਪਤਾ ਨਹੀਂ ਉਹ ਸਮਝੌਤੇ ਦੀ ਪਾਲਣਾ ਕਰਨਗੇ ਵੀ ਜਾਂ ਨਹੀਂ। ਉਨ੍ਹਾਂ ਦੇ ਨਾਲ ਸਮੱਸਿਆ ਹੈ।’
20 ਗੁਣਾ ਜ਼ੋਰਦਾਰ ਹਮਲੇ ਦੀ ਚਿਤਾਵਨੀ
ਹਾਲਾਂਕਿ ਟਰੰਪ ਨੇ ਇਹ ਨਹੀਂ ਦੱਸਿਆ ਕਿ ਈਰਾਨ ਵੱਲੋਂ ਕਿਸ ਨੇ ਉਨ੍ਹਾਂ ਨੂੰ ਫ਼ੋਨ ਕੀਤਾ ਸੀ। ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਹੋਰਮੁਜ਼ ਵਿੱਚ ਜਹਾਜ਼ਾਂ ‘ਤੇ ਜੋ ਹਮਲਾ ਹੋਇਆ ਹੈ, ਉਸ ਤੋਂ 20 ਗੁਣਾ ਜ਼ਿਆਦਾ ਜ਼ੋਰਦਾਰ ਹਮਲਾ ਅਮਰੀਕੀ ਫੌਜ ਈਰਾਨੀ ਟਿਕਾਣਿਆਂ ‘ਤੇ ਕਰੇਗੀ। ਟਰੰਪ ਨੇ ਖਾਰਗ ਟਾਪੂ ‘ਤੇ ਕਬਜ਼ਾ ਕਰਨ ਦੀ ਚੇਤਾਵਨੀ ਵੀ ਦੁਹਰਾਈ।ਉਨ੍ਹਾਂ ਨੇ ਕਿਹਾ, ‘ਜੋ ਵੀ ਕੁਝ ਹੋਵੇਗਾ, ਬਹੁਤ ਤੇਜ਼ੀ ਨਾਲ ਹੋਵੇਗਾ।’ ਟਰੰਪ ਨੇ ਕਿਹਾ ਕਿ ਅਮਰੀਕੀ ਫੌਜ ਬਸ ਕੰਮ ਖ਼ਤਮ ਕਰ ਸਕਦੀ ਹੈ। ਟਰੰਪ ਦਾ ਇਹ ਬਿਆਨ ਬੁੱਧਵਾਰ ਨੂੰ ਕੀਤੀ ਗਈ ਉਸ ਟਿੱਪਣੀ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਈਰਾਨ ਨਾਲ ਸਾਈਨ ਕੀਤਾ ਗਿਆ ਅੰਤਰਿਮ ਸਮਝੌਤਾ ਖ਼ਤਮ ਹੋ ਗਿਆ ਹੈ।
ਫਿਰ ਡੂੰਘਾ ਹੋਇਆ ਤਣਾਅ
ਮੰਗਲਵਾਰ ਨੂੰ ਹੋਰਮੁਜ਼ ਵਿੱਚ ਹੋਏ ਹਮਲੇ ਤੋਂ ਬਾਅਦ ਪੱਛਮੀ ਏਸ਼ੀਆ ਵਿੱਚ ਇੱਕ ਵਾਰ ਫਿਰ ਤਣਾਅ ਡੂੰਘਾ ਹੋ ਗਿਆ ਹੈ। ਬੁੱਧਵਾਰ ਨੂੰ ਅਮਰੀਕਾ ਨੇ ਈਰਾਨ ‘ਤੇ ਮਿਜ਼ਾਈਲਾਂ ਦਾਗੀਆਂ ਸਨ ਅਤੇ ਫਿਰ ਈਰਾਨ ਨੇ ਪਲਟਵਾਰ ਕੀਤਾ ਸੀ। ਵੀਰਵਾਰ ਨੂੰ ਵੀ ਅਮਰੀਕਾ ਨੇ ਈਰਾਨ ਦੇ ਚਾਬਹਾਰ, ਕੋਨਾਰਕ, ਬੰਦਰ ਅੱਬਾਸ ਅਤੇ ਸਿਰਿਕ ਸ਼ਹਿਰਾਂ ‘ਤੇ ਹਮਲਾ ਕੀਤਾ। ਇਸ ਤੋਂ ਬਾਅਦ ਕੁਵੈਤ ਅਤੇ ਬਹਿਰੀਨ ਵਿੱਚ ਈਰਾਨੀ ਮਿਜ਼ਾਈਲ ਹਮਲੇ ਦੇ ਸਾਇਰਨ ਵੱਜਣ ਲੱਗ ਪਏ।










