ਜਲੰਧਰ। ਪੰਜਾਬ ਦੇ ਜਲੰਧਰ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਦੀਆਂ ਅਫ਼ਵਾਹਾਂ ਤੋਂ ਬਾਅਦ ਵਿਦਿਆਰਥੀਆਂ ਦਾ ਗੁੱਸਾ ਭੜਕ ਉੱਠਿਆ ਹੈ। ਵਿਦਿਆਰਥੀਆਂ ਵਿੱਚ ਇੰਨਾ ਰੋਹ ਹੈ ਕਿ ਉਹ ਅੱਗ ਲਗਾਉਣ ਅਤੇ ਭੰਨਤੋੜ ‘ਤੇ ਉਤਰ ਆਏ ਹਨ।
ਵਿਦਿਆਰਥੀਆਂ ਨੇ ਨੈਸ਼ਨਲ ਹਾਈਵੇਅ ਨੂੰ ਵੀ ਜਾਮ ਕਰ ਦਿੱਤਾ ਹੈ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਉੱਥੇ ਹੀ ਹੁਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ’ਚ ਵਿਦਿਆਰਥੀ ਮਿਗ-23 (Mig-23) ਅਤੇ ਟੈਂਕ ਦੇ ਉੱਤੇ ਚੜ੍ਹੇ ਹੋਏ ਹਨ।
ਕੈਂਪਸ ਤੋਂ ਸਾਹਮਣੇ ਆਏ ਵੀਡੀਓ ਵਿੱਚ ਵਿਦਿਆਰਥੀਆਂ ਦਾ ਸਮੂਹ ਵਿਰੋਧ ਪ੍ਰਦਰਸ਼ਨ ਕਰਦੇ ਅਤੇ ‘ਵੀ ਵੌਂਟ ਜਸਟਿਸ’ (We Want Justice) ਦੇ ਨਾਅਰੇ ਲਗਾਉਂਦੇ ਦਿਖਾਈ ਦੇ ਰਿਹਾ ਹੈ। ਹੋਰ ਫੁਟੇਜ ਵਿੱਚ ਖਿੜਕੀਆਂ ਦੇ ਸ਼ੀਸ਼ੇ ਅਤੇ ਗਮਲੇ ਟੁੱਟੇ ਹੋਏ ਦਿਖਾਈ ਦਿੱਤੇ, ਜਦੋਂ ਕਿ ਯੂਨੀਵਰਸਿਟੀ ਦੀ ਇਮਾਰਤ ਦੇ ਕੁਝ ਹਿੱਸਿਆਂ ਅਤੇ ਵਸਤੂਆਂ ਵਿੱਚ ਅੱਗ ਲੱਗੀ ਹੋਈ ਸੀ। ਕੈਂਪਸ ਦੀਆਂ ਕੁਝ ਦੁਕਾਨਾਂ ’ਚ ਵੀ ਭੰਨਤੋੜ ਕੀਤੀ ਗਈ।
ਜਾਣ ਲਓ ਵਿਦਿਆਰਥੀਆਂ ਨੇ ਕੀ ਰੱਖੀਆਂ ਹਨ ਮੰਗਾਂ?
ਲੋਕਾਂ ਦੇ ਮਨ ਵਿੱਚ ਸਵਾਲ ਹੈ ਕਿ ਆਖਿਰ ਵਿਦਿਆਰਥੀਆਂ ਨੇ ਕੀ-ਕੀ ਮੰਗਾਂ ਰੱਖੀਆਂ ਹਨ। ਵਿਦਿਆਰਥੀਆਂ ਦੀਆਂ ਮੰਗਾਂ ਬਾਰੇ ਹੇਠਾਂ ਦੱਸਿਆ ਗਿਆ ਹੈ:
1. ਵਿਦਿਆਰਥਣ ਨਾਲ ਜਬਰ-ਜਨਾਹ ਅਤੇ ਆਤਮਹੱਤਿਆ ਦੀ ਸੱਚਾਈ ਪ੍ਰਬੰਧਨ ਸਾਹਮਣੇ ਲਿਆਵੇ।
2. ਘਟਨਾ ਵਿੱਚ ਸ਼ਾਮਲ ਵਿਅਕਤੀ ਖ਼ਿਲਾਫ਼ ਤੁਰੰਤ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਹੋਵੇ।
3. ਮਾਮਲੇ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਕੀਤੀ ਜਾਵੇ।
4. ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਵਾਲੇ ਹਾਸਟਲ ਪ੍ਰਬੰਧਨ ਅਤੇ ਵਾਰਡਨ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ।
5. ਕੁੜੀਆਂ ਦੇ ਹਾਸਟਲ ਦੀ ਸੁਰੱਖਿਆ ਵਿਵਸਥਾ ਨੂੰ ਸਖ਼ਤ ਕੀਤਾ ਜਾਵੇ।
6. ਸਾਰੀਆਂ ਪ੍ਰਸ਼ਾਸਕੀ ਅਤੇ ਸੁਰੱਖਿਆ ਨਾਲ ਸਬੰਧਤ ਸ਼ਿਕਾਇਤਾਂ ਦਾ ਨਿਪਟਾਰਾ ਪਾਰਦਰਸ਼ੀ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ।
ਪੁਲਿਸ ਨੇ ਐੱਫ.ਆਈ.ਆਰ. (FIR) ਦਰਜ ਕਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਲਈ ਬਣਾਈ ਗਈ ਇਨਵੈਸਟੀਗੇਸ਼ਨ ਟੀਮ ਵਿੱਚ 5 ਵਿਦਿਆਰਥੀਆਂ ਨੂੰ ਵੀ ਸ਼ਾਮਲ ਕਰ ਲਿਆ ਹੈ।










